ਸ਼ਾਹਕੋਟ, (ਐੱਮ.ਜੇ ਸਿੰਘ) : ਇਲਾਕੇ ਵਿਚ ਪਿਛਲੇ ਕੁਝ ਦਿਨਾਂ ਤੋਂ ਮੋਟਰਸਾਈਕਲ ਚੋਰ ਗਿਰੋਹ ਕਾਫੀ ਸਰਗਰਮ ਹੋ ਚੁੱਕਾ ਹੈ, ਜਿਸ ਕਾਰਨ ਆਏ ਦਿਨ ਲੋਕਾਂ ਦੇ ਮੋਟਰਸਾਈਕਲ ਚੋਰੀ ਹੋ ਰਹੇ ਹਨ ਪਰ ਪੁਲਿਸ ਪ੍ਰਸਾਸ਼ਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਮਿਲੀ ਸੂਚਨਾ ਅਨੁਸਾਰ ਪਿਛਲੇ 4 ਦਿਨਾਂ ਵਿਚ 2 ਮੋਟਰਸਾਈਕਲ ਚੋਰੀ ਹੋ ਚੁੱਕੇ ਹਨ।
ਜਾਣਕਾਰੀ ਦਿੰਦਿਆ ਪਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਨਜ਼ਦੀਕ ਦੁਸ਼ਹਿਰਾ ਗਰਾਊਂਡ ਮੁਹੱਲਾ ਰਿਸ਼ੀ ਨਗਰ ਸ਼ਾਹਕੋਟ ਨੇ ਦੱਸਿਆ ਕਿ ਦੇਰ ਸ਼ਾਮ ਸ਼ਾਹਕੋਟ ਪੁਲਿਸ ਸਟੇਸ਼ਨ ਦੇ ਨਜ਼ਦੀਕ ਗਲੀ ਵਿਚ ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ 08 ਡੀਐੱਫ 9930 ‘ਤੇ ਕਿਸੇ ਕੰਮ ਲਈ ਗਿਆ ਸੀ। ਇਸ ਦੌਰਾਨ ਉਸ ਨੇ ਆਪਣਾ ਮੋਟਰਸਾਈਕਲ ਲਾਕ ਲਗਾਕੇ ਪੁਲਿਸ ਸਟੇਸ਼ਨ ਦੇ ਨਜ਼ਦੀਕ ਇਕ ਗਲੀ ਵਿਚ ਖੜ੍ਹਾ ਕੀਤਾ। ਕੁੱਝ ਸਮੇਂ ਬਾਅਦ ਆ ਕੇ ਜਦੋਂ ਦੇਖਿਆ ਤਾਂ ਮੋਟਰਸਾਈਕਲ ਉਥੋਂ ਗਾਇਬ ਸੀ, ਜਿਸ ਦੀ ਬਹੁਤ ਭਾਲ ਕਰਨ ਤੋਂ ਬਾਅਦ ਵੀ ਮੋਟਰਸਾਈਕਲ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਇਕ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਪੁਲਿਸ ਸਟੇਸ਼ਨ ਵੱਲ ਲਿਜਾ ਰਿਹਾ ਹੈ, ਜਿਸ ਦੀ ਪਹਿਚਾਣ ਨਹੀਂ ਹੋ ਪਾਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਦੇਰ ਰਾਤ ਤੱਕ ਮੋਟਰਸਾਈਕਲ ਸਬੰਧੀ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਇਲਾਕੇ ਵਿਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ।