ਫਿਲੌਰ, (ਆਵਾਜ਼ ਬਿਊਰੋ) : ਫਿਲੌਰ ਵਿਖੇ ਇਕ ਚੌਂਕ 'ਚ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਲੱਗੇ ਡਾ. ਬੀਆਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਕਿਸੇ ਸ਼ਰਾਰਤੀ ਨੇ ਇਸ 'ਤੇ ਹਮਲਾ ਕੀਤਾ ਹੈ। ਜਿਸ ਨਾਲ ਡਾ. ਅੰਬੇਡਕਰ ਦੇ ਪੈਰੋਕਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਪੁਲਿਸ ਨੇ ਸੋਮਵਾਰ ਅੱਧੀ ਰਾਤ ਨੂੰ ਜਲੰਧਰ ਜ਼ਿਲ੍ਹੇ ਦੇ ਫਿਲੌਰ ਕਸਬੇ ਵਿਚ ਭਾਰਤ ਰਤਨ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਮੱਧ ਪ੍ਰਦੇਸ਼ ਦੇ ਹੁਸਨ ਨਿਜਰਾ ਜ਼ਿਲ੍ਹੇ ਦੇ ਪਿੰਡ ਜਵਾਨੀਆ ਦੇ ਵਾਸੀ ਭੀਕੂ ਮੀਨਾ (25) ਵਜੋਂ ਹੋਈ ਹੈ। ਭੀਖੂ ਮੀਨਾ ਨੇ ਪੱਥਰ ਤੇ ਫੁੱਲਾਂ ਦਾ ਘੜਾ ਸੁੱਟ ਕੇ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ।
ਘਟਨਾ ਬਾਰੇ ਪਤਾ ਲੱਗਦੇ ਹੀ ਮੁੱਖ ਮੰਤਰੀ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਤੇ ਦੁਖਦਾਈ ਘਟਨਾ ਦੱਸਿਆ ਜਿਸ ਨੇ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਈ ਹੈ ਜੋ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਕਿਸਮ ਦੇ ਘਿਨਾਉਣੇ ਕੰਮਾਂ 'ਚ ਸ਼ਾਮਲ ਸ਼ਰਾਰਤੀ ਅਨਸਰਾਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਸੀਐੱਮ ਚੰਨੀ ਨੇ ਬਿਨਾਂ ਸ਼ੱਕ ਕਿਹਾ ਕਿ ਕਿਸੇ ਨੂੰ ਵੀ ਸੂਬੇ 'ਚ ਸਖਤ ਮਿਹਨਤ ਨਾਲ ਕਾਇਮ ਕੀਤੀ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਕਿਹਾ ਕਿ ਉਹ ਪਹਿਲਾਂ ਹੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨੂੰ ਹੁਕਮ ਦੇ ਚੁੱਕੇ ਹਨ ਕਿ ਉਹ ਸੂਬੇ ਦੇ ਹਰ ਕੋਨੇ 'ਚ ਨਿਗਰਾਨੀ ਵਧਾਉਣ।
ਇਸ ਘਟਨਾ ਦੀ ਖ਼ਬਰ ਉਪਰੰਤ ਇਲਾਕੇ ਭਰ ਦੇ ਲੋਕ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ ਤੇ ਕਈ ਇਸ ਨੂੰ ਕਾਂਗਰਸ ਵਲੋਂ ਐੱਸਸੀ ਭਾਈਚਾਰੇ ਦੇ ਨਵੇਂ ਮੁੱਖ ਮੰਤਰੀ ਚਰਜਨਜੀਤ ਸਿੰਘ ਚੰਨੀ ਬਣਾਏ ਜਾਣ ਨਾਲ ਜੋੜ ਰਹੇ ਹਨ। ਫਿਲੌਰ ਪੁਲਿਸ ਮੁਸਤੈਦੀ ਨਾਲ ਇਸ ਦੀ ਜਾਂਚ ਚ ਜੁਟੀ ਹੋਈ ਹੈ।