ਚੰਡੀਗੜ੍ਹ, (ਐੱਮ.ਜੇ ਸਿੰਘ) : ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ ਸੋਨੀ ਨੇ ਉੱਪ ਮੁੱਖ ਮੰਤਰੀ ਵਜੋਂ ਹਲਫ ਲਿਆ।
ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਚੰਨੀ ਨੇ ਪ੍ਰਸ਼ਾਸਨਕਿ ਫੇਰਬਦਲ ਕਰਨਾ ਸ਼ੁਰੂ ਕਰ ਦਿੱਤਾ ਹੈ। ਆਈਏਐੱਸ ਅਧਿਕਾਰੀ ਰਾਹੁਲ ਤਿਵਾੜੀ ਨੂੰ ਸਪੈਸ਼ਲ ਪ੍ਰਿੰਸੀਪਲ ਸਕੱਤਰ ਤੇ ਹੁਸਨ ਲਾਲ ਨੂੰ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਹੈ।
ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਹੀ ਕੈਬਨਿਟ ਦੀ ਮੀਟਿੰਗ ਹੋਵੇਗੀ। ਰੇਤ ਮਾਫੀਆ 'ਤੇ ਵੀ ਅੱਜ ਹੀ ਫੈਸਲਾ ਕੀਤਾ ਜਾਵੇਗਾ। ਪਿੰਡਾਂ ਵਿਚ ਗਰੀਬਾਂ ਦੇ ਪਾਣੀ ਦੇ ਬਿੱਲ ਮੁਆਫ ਹੋਣਗੇ। ਬਿਜਲੀ ਸਮਝੌਤਿਆਂ 'ਤੇ ਵੀ ਜਲਦ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਹੜਤਾਲਾਂ ਛੱਡ ਕੇ ਕੰਮ 'ਤੇ ਪਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਮੁੱਦਿਆਂ ਨੂੰ ਹੱਲ੍ਹ ਕੀਤਾ ਜਾਵੇਗਾ। ਚੰਨੀ ਨੇ ਕਿਹਾ ਕਿ ਉਹ ਗਰੀਬਾਂ ਦੇ ਨੁਮਾਇੰਦੇ ਹਨ ਨਾ ਕਿ ਅਮੀਰਾਂ ਦੇ। ਉਨ੍ਹਾਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ।
ਸੂਤਰਾਂ ਮੁਤਾਬਕ ਡੀਜੀਪੀ ਨੂੰ ਵੀ ਬਦਲਿਆ ਜਾ ਸਕਦਾ ਹੈ। ਸੀਨੀਅਰ ਪੁਲਿਸ ਅਧਿਕਾਰੀ ਸਿਧਾਰਥ ਚਟੋਪਾਧਿਆਏ ਨਵੇਂ ਡੀਜੀਪੀ ਬਣ ਸਕਦੇ ਹਨ। ਹਰਪ੍ਰੀਤ ਸਿੰਘ ਸਿੱਧੂ ਨੂੰ ਵਿਜੀਲੈਂਸ ਚੀਫ ਬਣਾਇਆ ਜਾ ਸਕਦਾ ਹੈ।