ਘਟਨਾ ਸਥਾਨ ‘ਤੇ ਜਾਂਚ ਕਰਦੇ ਹੋਏ ਏਐੱਸਆਈ ਬਲਬੀਰ ਚੰਦ।
ਸ਼ਾਹਕੋਟ, (ਪੰਜਾਬ ਸੇਵਕ
ਨਿਊਜ਼) : ਨੇੜਲੇ ਪਿੰਡ ਮੀਏਂਵਾਲ ਮੌਲਵੀਆਂ ਵਿਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਘਰ ਵਿਚ
ਦਾਖਲ ਹੋ ਕੇ ਨੌਜਵਾਨ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੁਲਿਸ
ਨੂੰ ਦਿੱਤੇ ਬਿਆਨਾਂ ਵਿਚ ਅਜੇ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਮੀਏਂਵਾਲ ਮੌਲਵੀਆਂ ਨੇ
ਦੱਸਿਆ ਕਿ ਉਹ ਪਿਛਲੇ 3 ਮਹੀਨੇ ਤੋਂ ਨਕੋਦਰ ਵਿਖੇ ਰਹਿ ਰਿਹਾ ਹੈ। ੳਸਦਾ ਛੋਟਾ ਭਰਾ ਸੂਰਜ ਕੁਮਾਰ
ਉਰਫ ਜੋਹਨ ਆਪਣੇ ਪਰਿਵਾਰ ਸਮੇਤ ਪਿੰਡ ਮੀਏਂਵਾਲ ਮੌਲਵੀਆਂ ਵਿਚ ਰਹਿੰਦਾ ਸੀ। 10 ਦਿਨ ਪਹਿਲਾਂ
ਉਸਦੀ ਪਤਨੀ ਨਾਰਾਜ਼ਗੀ ਕਾਰਨ ਪੇਕੇ ਚਲੀ ਗਈ ਸੀ। ਸੂਰਜ ਦੇ ਤਿੰਨ ਬੱਚੇ ਉਸਦੀ ਭੂਆ ਦੇ ਲੜਕੇ ਪਾਸ
ਰਹਿੰਦੇ ਹਨ। ਅਜੇ ਨੇ ਦੱਸਿਆ ਕਿ ਸੋਮਵਾਰ ਸਵੇਰੇ 8 ਵਜੇ ਦੇ ਕਰੀਬ ਉਹ ਆਪਣੀ ਮਾਤਾ ਨੂੰ ਮਿਲਣ
ਪਿੰਡ ਆਇਆ ਤਾਂ ਦੇਖਿਆ ਕਿ ਸੂਰਜ ਦੇ ਘਰ ਦਾ ਦਰਵਾਜਾ ਖੁੱਲ੍ਹਾ ਹੋਇਆ ਸੀ। ਜਦੋਂ ਅੰਦਰ ਜਾ ਕੇ
ਦੇਖਿਆ ਤਾਂ ਸੂਰਜ ਕੁਮਾਰ ਦੀ ਲਾਸ਼ ਖੂਨ ਨਾਲ ਲੱਥਪੱਥ ਸੋਫੇ ‘ਤੇ ਪਈ ਸੀ ਤੇ ਉਸਦੇ ਸਿਰ ‘ਤੇ
ਤੇਜਧਾਰ ਹਥਿਆਰ ਨਾਲ ਵਾਰ ਕੀਤੇ ਹੋਏ ਸਨ। ਫਰਸ਼ ‘ਤੇ ਵੀ ਬਹੁਤ ਜਿਆਦਾ ਖੂਨ ਡੁੱਲਿਆ ਹੋਇਆ ਸੀ। ਅਜੇ
ਨੇ ਦੱਸਿਆ ਕਿ ਉਸਨੇ ਆਪਣੇ ਭੂਆ ਦੇ ਲੜਕੇ ਨੂੰ ਮੌਕੇ ‘ਤੇ ਬੁਲਾਇਆ ਅਤੇ ਰੌਲਾ ਪੈਣ ‘ਤੇ ਪਿੰਡ ਦੇ
ਲੋਕ ਵੀ ਇਕੱਠੇ ਹੋ ਗਏ। ਅਣਪਛਾਤੇ ਵਿਅਕਤੀਆਂ ਵੱਲੋਂ ਸੂਰਜ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕੀਤਾ
ਗਿਆ ਹੈ। ਸੂਚਨਾ ਮਿਲਣ ‘ਤੇ ਪੁਲਿਸ ਪਾਰਟੀ ਵੀ ਮੌਕੇ ‘ਤੇ ਪਹੁੰਚ ਗਈ।
![]() |
ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ‘ਚ ਲਿਜਾਉਂਦੇ ਹੋਏ ਕਰੀਬੀ। |
ਇਸ ਸਬੰਧੀ ਡੀਐੱਸਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ, ਡੀਐੱਸਪੀ (ਡੀ) ਸੁਰਿੰਦਰਪਾਲ ਧੋਗੜੀ ਤੇ ਐੱਸਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਕਤਲ ਹੋਇਆ ਤਾਂ ਸੂਰਜ ਕੁਮਾਰ ਉਸ ਵੇਲੇ ਘਰ ਵਿਚ ਇਕੱਲਾ ਹੀ ਸੀ। ਉਨ੍ਹਾਂ ਦੱਸਿਆ ਕਿ ਜਲੰਧਰ ਤੋਂ ਡਾਗ ਸਕੁਐਡ ਮੰਗਵਾ ਕੇ ਕਤਲ ਦੀ ਹਰ ਪਹਿਲੂ ਤੋਂ ਤਫਤੀਸ਼ ਆਰੰਭ ਕਰ ਦਿੱਤੀ ਹੈ। ਪਿੰਡ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਸੁਰਾਗ ਮਿਲ ਸਕੇ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302 ਦਾ ਪਰਚਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਨਕੋਦਰ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਹੈ।