ਜਲੰਧਰ, (ਐੱਮ.ਜੇ ਸਿੰਘ) : ਦੋਆਬੇ ਦੇ ਦਮਦਾਰ ਲੀਡਰ ਰਾਣਾ
ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਦਾ ਕਾਂਗਰਸ ਦੇ ਹੀ 6 ਵਿਧਾਇਕਾਂ ਤੇ ਪੰਜਾਬ ਕਾਂਗਰਸ ਦੇ ਸਾਬਕਾ
ਪ੍ਰਧਾਨ ਮਹਿੰਦਰ ਸਿੰਘ ਕੇਪੀ ਨੇ ਵਿਰੋਧ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ
ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਿਖੀ
ਚਿੱਠੀ 'ਚ ਮਹਿੰਦਰ ਸਿੰਘ ਕੇਪੀ, ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ,
ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਜਲੰਧਰ ਨਾਰਥ ਤੋਂ ਵਿਧਾਇਕ ਬਾਵਾ ਹੈਨਰੀ,
ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ, ਸ਼ਾਮ ਚੁਰਾਸੀ ਤੋਂ ਵਿਧਾਇਕ ਪਵਨ ਆਦੀਆ ਤੇ ਭੁਲੱਥ ਤੋਂ
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦਾ ਨਾਮ ਭ੍ਰਿਸ਼ਟਾਚਾਰੀ ਲੀਡਰਾਂ
ਵਿਚ ਆਉਂਦਾ ਹੈ। ਇਸ ਲਈ ਉਨ੍ਹਾਂ ਨੂੰ ਹਟਾ ਕੇ ਕਿਸੇ ਹੋਰ ਲੀਡਰ ਨੂੰ ਮੰਤਰੀ ਬਣਇਆ ਜਾਵੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਕਰ ਰਾਣਾ
ਗੁਰਜੀਤ ਸਿੰਘ ਨੂੰ ਮੰਤਰੀ ਨਹੀਂ ਬਣਾਇਆ ਜਾਂਦਾ ਤਾਂ ਉਨ੍ਹਾਂ ਦੇ ਧੜੇ ਦੇ ਮੰਨੇ ਜਾਂਦੇ ਸ਼ਾਹਕੋਟ
ਹਲਕੇ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਮੰਤਰੀ ਮੰਡਲ 'ਚ ਆਪਣੀ ਥਾਂ ਬਣਾ ਸਕਦੇ ਹਨ।
ਲਾਡੀ ਸ਼ੇਰੋਵਾਲੀਆ ਨੂੰ ਰਾਣਾ ਗੁਰਜੀਤ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ ਤੇ 2018 ਦੀ ਜਿਮਨੀ
ਚੋਣ 'ਚ ਰਾਣਾ ਗੁਰਜੀਤ ਨੇ ਸ਼ੇਰੋਵਾਲੀਆ ਨੂੰ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਜੇਕਰ ਰਾਣਾ
ਗੁਰਜੀਤ ਸਿੰਘ ਦਾ ਮੰਤਰੀ ਪਦ ਤੋਂ ਪੱਤਾ ਕੱਟਿਆ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਵਿਧਾਇਕ ਲਾਡੀ
ਸ਼ੇਰੋਵਾਲੀਆ ਦੇ ਨਾਮ 'ਤੇ ਮੋਹਰ ਲੱਗ ਜਾਵੇ।