ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਸਿਆਸੀ ਆਗੂਆਂ ਦਾ ਪਿੰਡਾਂ ‘ਚ ਵੜਨ ‘ਤੇ ਕੀਤਾ ਜਾਵੇਗਾ ਵਿਰੋਧ
ਸ਼ਾਹਕੋਟ, (ਬਿਊਰੋ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਤੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ‘ਚ ਪਿੰਡ ਦਾਰੇਵਾਲ ਬਸਤੀ, ਲਾਲੂਵਾਲ, ਗਿੱਦੜਪਿੰਡੀ, ਨਸੀਰਪੁਰ, ਨੱਲ੍ਹ, ਮਾਣਕ, ਜਲਾਲਪੁਰ ਕਲਾਂ, ਰਾਈਵਾਲ, ਸਰਦਾਰਵਾਲਾ, ਜਲਾਲਪੁਰ ਖ਼ੁਰਦ, ਨਵਾਂ ਪਿੰਡ ਖਾਲੇਵਾਲ, ਸਿੰਧੜ, ਹੇਰਾਂ, ਕਾਕੜ ਕਲਾਂ, ਪਿੱਪਲੀ ਮਿਆਣੀ, ਗੱਟੀ ਪੀਰ ਬਖ਼ਸ਼, ਕੰਗ ਖ਼ੁਰਦ, ਕੰਗ ਕੋਠਾ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਧਰਨੇ ‘ਤੇ ਜਾਣ ਵਾਸਤੇ ਪ੍ਰੇਰਿਤ ਕੀਤਾ ਗਿਆ।ਸੰਬੋਧਨ ਕਰਦਿਆਂ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਕਿਸਾਨਾਂ ਦੇ ਸਿੰਘੂ ਬਾਰਡਰ ‘ਤੇ ਚੱਲ ਰਹੇ ਧਰਨੇ ਨੂੰ 238 ਦਿਨ ਪੂਰੇ ਹੋ ਚੁੱਕੇ ਹਨ ਤੇ ਧਰਨਾ ਸਫਲਤਾ ਪੂਰਵਕ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਲ ਦੇਣ ਵਾਸਤੇ ਹਰ ਵਰਗ ਦੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਕਿਉਂਕਿ ਇਹ ਇਕੱਲਾ ਕਿਸਾਨੀ ਦਾ ਮਸਲਾ ਨਹੀਂ, ਸਗੋਂ ਸਭ ਦਾ ਸਾਂਝਾ ਮਸਲਾ ਹੈ। ਪੰਡੋਰੀ ਨੇ ਕਿਹਾ ਕਿ ਜਿਨਾਂ ਚਿਰ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਪਿੰਡਾਂ ‘ਚ ਸਿਆਸੀ ਆਗੂਆਂ ਦਾ ਕਿਸਾਨਾਂ ਵੱਲੋਂ ਸ਼ਾਂਤਮਈ ਵਿਰੋਧ ਕੀਤਾ ਜਾਵੇਗਾ ਤੇ ਉਨ੍ਹਾਂ ਕੋਲੋਂ ਕਿਸਾਨੀ ਮਸਲਿਆਂ
ਬਾਰੇ ਜਵਾਬ ਮੰਗਿਆ ਜਾਵੇਗਾ। ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਨੇ ਕਿਹਾ ਕਿ ਜੇ ਕਿਸਾਨੀ ਅੰਦੋਲਨ ਦੀ ਆੜ ਵਿਚ ਰਾਜਸੀ ਪਾਰਟੀਆਂ ਕੋਈ ਘਟੀਆ ਹਰਕਤ ਕਰਦੀਆਂ ਹਨ ਤਾਂ ਉਸ ਦੇ ਜਿੰਮੇਵਾਰ ਸਿਆਸੀ ਆਗੂ ਹੋਣਗੇ। ਇਸ ਲਈ ਇਨ੍ਹਾਂ ਨੂੰ ਪਿੰਡਾਂ ‘ਚ ਦਾਖਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਕਿਸਾਨ ਅੰਦੋਲਨ ‘ਚ ਪਹੁੰਚ ਕੇ ਖੇਤੀ ਕਾਨੂੰਨਾਂ ਵਿਰੁੱਧ ਕੇਂਦਰ ਸਰਕਾਰ ਖਿਲਾਫ ਡਟਣ ਦੀ ਅਪੀਲ ਕੀਤੀ। ਇਸ ਮੌਕੇ ਸ਼ਾਹਕੋਟ ਜ਼ੋਨ ਦੇ ਸਕੱਤਰ ਜਰਨੈਲ ਸਿੰਘ ਰਾਮੇ, ਰਣਜੀਤ ਸਿੰਘ ਬੱਲ ਨੋ ਪ੍ਰਧਾਨ ਜ਼ੋਨ ਸ਼ਹੀਦ ਕਰਤਾਰ ਸਿੰਘ ਸਰਾਭਾ, ਮੱਖਣ ਸਿੰਘ ਨੱਲ੍ਹ, ਮਨਪ੍ਰੀਤ ਸਿੰਘ ਗਿੱਦੜਪਿੰਡੀ ਸਮੇਤ ਵੱਡੀ ਗਿਣਤੀ ‘ਚ ਕਿਸਾਨ-ਮਜ਼ਦੂਰ ਹਾਜ਼ਰ ਸਨ।