ਇਕ ਗੋਲ ਤੋਂ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਸ਼ਨਿਚਰਵਾਰ ਨੂੰ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਆਪਣੀ ਓਲੰਪਿਕ ਮੁਹਿੰਮ ਦਾ ਆਗ਼ਾਜ਼ ਜਿੱਤ ਨਾਲ ਕੀਤਾ। ਭਾਰਤ ਦੇ ਤਜਰਬੇਕਾਰ ਗੋਲਕੀਪਰ ਸ਼੍ਰੀਜੇਸ਼ ਨੇ ਅੱਠ ਵਿਚੋਂ ਛੇ ਸ਼ਾਟ ਬਚਾਏ ਤੇ ਛੇ ਪੈਨਲਟੀ ਕਾਰਨਰ 'ਚ ਸਿਰਫ਼ ਇਕ ਵਾਰ ਨਾਕਾਮ ਰਹੇ। ਭਾਰਤ ਹੁਣ ਐਤਵਾਰ ਨੂੰ ਆਸਟ੍ਰੇਲੀਆ ਨਾਲ ਭਿੜੇਗਾ, ਜਿਸ ਨੇ ਪੂਲ-ਏ ਦੇ ਇਕ ਹੋਰ ਮੈਚ 'ਚ ਜਾਪਾਨ ਨੂੰ 5-3 ਨਾਲ ਹਰਾਇਆ। ਪਹਿਲੇ ਕੁਆਰਟਰ 'ਚ ਨਿਊਜ਼ੀਲੈਂਡ ਨੇ ਸ਼ਾਨਦਾਰ ਖੇਡ ਵਿਖਾਈ। ਉਸ ਨੇ ਛੇਵੇਂ ਹੀ ਮਿੰਟ 'ਚ ਪੈਨਲਟੀ ਕਾਰਨਰ 'ਤੇ ਬੜ੍ਹਤ ਲੈ ਕੇ ਭਾਰਤੀ ਖੇਮੇ 'ਚ ਹਲਚਲ ਮਚਾ ਦਿੱਤੀ। ਨਿਊਜ਼ੀਲੈਂਡ ਲਈ ਹਿ ਗੋਲ ਪੈਨਲਟੀ ਕਾਰਨਰ ਮਾਹਰ ਕੇਨ ਰਸੇਲ ਨੇ ਦਾਗਿਆ। ਭਾਰਤ ਨੂੰ ਮਿਲੇ ਪੈਨਲਟੀ ਕਾਰਨਰ 'ਤੇ ਰੁਪਿੰਦਰ ਪਾਲ ਸਿੰਘ ਦਾ ਸ਼ਾਟ ਕ੍ਰਾਸਬਾਰ ਦੇ ਉੱਪਰ ਤੋਂ ਨਿਕਲ ਗਿਆ। ਜਵਾਬੀ ਹਮਲਿਆਂ ਵਿਚ ਭਾਰਤ ਨੂੰ 10ਵੇਂ ਮਿੰਟ 'ਚ ਪਹਿਲੇ ਪੈਨਲਟੀ ਕਾਰਨਰ ਅਤੇ ਫਿਰ ਪੈਨਲਟੀ ਸਟ੍ਰੋਕ ਮਿਲਿਆ। ਪੈਨਲਟੀ ਸਟ੍ਰੋਕ ਨੂੰ ਰੁਪਿੰਦਰ ਨੇ ਗੋਲ 'ਚ ਬਦਲ ਕੇ ਭਾਰਤ ਨੂੰ ਬਰਾਬਰੀ ਦਿਵਾਈ।
ਦੂਜੇ ਕੁਆਰਟਰ 'ਚ ਭਾਰਤੀ ਖਿਡਾਰੀਆਂ ਵਿਚਾਲੇ ਬਿਹਤਰ ਤਾਲਮੇਲ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਤੇਜ਼ ਹਾਕੀ ਵੀ ਖੇਡੀ। ਇਸ ਕੁਆਰਟਰ ਦੀ ਸ਼ੁਰੂਆਤ 'ਚ ਹੀ ਭਾਰਤੀ ਕਪਤਾਨ ਮਨਪ੍ਰੀਤ ਸਿੰਘ ਦੇ ਸ਼ਾਟ ਨੂੰ ਨਿਊਜ਼ੀਲੈਂਡ ਦੇ ਗੋਲਕੀਪਰ ਲਿਓਨ ਹੈਵਰਡ ਨੇ ਬਚਾ ਲਿਆ। ਭਾਰਤ ਨੇ 26ਵੇਂ ਮਿੰਟ 'ਚ ਵੀਡੀਓ ਰੈਫਰਲ 'ਤੇ ਪੈਨਲਟੀ ਕਾਰਨਰ ਹਾਸਲ ਕੀਤਾ। ਇਸ 'ਤੇ ਹਰਮਨਪ੍ਰੀਤ ਸਿੰਘ ਨੇ ਡ੍ਰੈਗ ਫਲਿੱਕ 'ਤੇ ਗੋਲ ਦਾਗਿਆ, ਜਿਹੜਾ ਉਨ੍ਹਾਂ ਦਾ 75ਵਾਂ ਕੌਮਾਂਤਰੀ ਗੋਲ ਸੀ।
ਤੀਜੇ ਕੁਆਰਟਰ ਦੀ ਸ਼ੁਰੂਆਤ ਵੀ ਰੈਫਰਲ ਨਾਲ ਹੋਈ, ਜਦੋਂ ਦਿਲਪ੍ਰੀਤ ਸਿੰਘ ਨੇ ਮਨਪ੍ਰੀਤ ਨੂੰ ਸਰਕਲ ਕੋਲ ਗੇਂਦ ਸੌਂਪੀ, ਪਰ ਉਹ ਨਿਊਜ਼ੀਲੈਂਡ ਦੇ ਡਿਫੈਂਡਰ ਦੇ ਪੈਰ ਨਾਲ ਟਕਰਾਈ। ਦੱਖਣੀ ਅਫਰੀਕੀ ਵੀਡੀਓ ਅੰਪਾਇਰ ਪੀਟਰ ਰਾਈਟ ਨੇ ਭਾਰਤ ਨੂੰ ਪੈਨਲਟੀ ਕਾਰਨਰ ਦਿੱਤਾ ਅਤੇ ਹਰਮਨਪ੍ਰੀਤ ਨੇ 33ਵੇਂ ਮਿੰਟ ਵਿਚ ਮਿਲੇ ਇਸ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਭਾਰਤ ਨੂੰ 3-1 ਨਾਲ ਬੜ੍ਹਤ ਦਿਵਾ ਦਿੱਤੀ। ਨਿਊਜ਼ੀਲੈਂਡ ਨੇ ਇਸ ਤੋਂ ਬਾਅਦ ਲਗਾਤਾਰ ਜਵਾਬੀ ਹਮਲੇ ਕੀਤੇ ਪਰ ਸ਼੍ਰੀਜੇਸ਼, ਤਜਰਬੇਕਾਰ ਡਿਫੈਂਡਰ ਬੀਰੇਂਦਰ ਲਾਕੜਾ ਅਤੇ ਅਮਿਤ ਰੋਹੀਦਾਸ ਨੇ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਇਸ ਕੁਆਰਟਰ ਦੇ ਆਖ਼ਰੀ ਮਿੰਟਾਂ 'ਚ ਭਾਰਤੀ ਡਿਫੈਂਸ ਲਾਈਨ ਨੇ ਮਾੜਾ ਪ੍ਰਦਰਸ਼ਨ ਕੀਤਾ ਅਤੇ ਉਸ ਦਾ ਖਮਿਆਜ਼ਾ ਭੁਗਤਣਾ ਪਿਆ। 43ਵੇਂ ਮਿੰਟ 'ਚ ਨਿਕ ਵਿਲਸਨ ਤੋਂ ਮਿਲੇ ਪਾਸ 'ਤੇ ਤਜਰਬੇਕਾਰ ਸਟ੍ਰਾਈਕਰ ਸਟੀਫਨ ਜੇਨਿਸ ਨੇ ਗੋਲ ਦਾਗ ਕੇ ਮੈਚ ਨੂੰ ਜੀਵੰਤ ਕਰ ਦਿੱਤਾ।
ਆਖ਼ਰੀ ਕੁਆਰਟਰ 'ਚ ਨਿਊਜ਼ੀਲੈਂਡ ਦਾ ਪ੍ਰਦਰਸ਼ਨ ਬਿਹਤਰ ਰਿਹਾ। ਹੂਟਰ ਤੋਂ ਚਾਰ ਮਿੰਟ ਬਾਕੀ ਰਹਿੰਦੇ ਲਲਿਤ ਉਪਾਧਿਆਏ ਦਾ ਸ਼ਾਟ ਵਿਰੋਧੀ ਗੋਲਕੀਪਰ ਹੈਵਰਡ ਨੇ ਬਚਾਇਆ। ਨਿਊਜ਼ੀਲੈਂਡ ਨੂੰ 57ਵੇਂ ਮਿੰਟ ਵਿਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ਖ਼ਿਲਾਫ਼ ਭਾਰਤ ਦਾ ਰੈਫਰਲ ਵੀਡੀਓ ਅੰਪਾਇਰ ਨੇ ਠੁਕਰਾ ਦਿੱਤਾ। ਨਿਊਜ਼ੀਲੈਂਡ ਦੀ ਟੀਮ ਹਾਲਾਂਕਿ ਇਸ 'ਤੇ ਗੋਲ ਕਰਨ 'ਚ ਨਾਕਾਮ ਰਹੀ। ਮੈਚ ਖ਼ਤਮ ਹੋਣ 'ਚ 24 ਸਕਿੰਟ ਬਾਕੀ ਰਹਿੰਦੇ ਨਿਊਜ਼ੀਲੈਂਡ ਨੂੰ ਪੈਨਲਟੀ ਕਾਰਨਰ ਮਿਲਿਆ, ਪਰ ਸ਼੍ਰੀਜੇਸ਼ ਨੇ ਮੁਸਤੈਦੀ ਨਾਲ ਬਚਾਅ ਕਰਕੇ ਸੰਕਟ ਨੂੰ ਟਾਲ਼ਿਆ ਅਤੇ ਭਾਰਤ ਦੀ ਜਿੱਤ ਯਕੀਨੀ ਬਣਾਈ।
'ਓਲੰਪਿਕ 'ਚ ਪਹਿਲੇ ਹੀ ਮੈਚ 'ਚ ਪੂਰੇ ਤਿੰਨ ਅੰਕ ਲੈਣਾ ਅਹਿਮ ਹੈ। ਸਾਨੂੰ ਹਾਲਾਂਕਿ ਪ੍ਰਦਰਸ਼ਨ 'ਚ ਸੁਧਾਰ ਕਰਨਾ ਹੋਵੇਗਾ। ਵੀਡੀਓ ਦੇਖਣ ਤੋਂ ਬਾਅਦ ਪਤਾ ਲੱਗੇਗਾ ਕਿ ਕਿੱਥੇ ਕਮੀਆਂ ਰਹਿ ਗਈਆਂ।'
-ਗ੍ਰਾਹਮ ਰੀਡ, ਕੋਚ, ਭਾਰਤੀ ਮਰਦ ਹਾਕੀ ਟੀਮ