AD

Type Here to Get Search Results !

ਐੱਸਵਾਈਐੱਲ ਸਮਝੌਤੇ ਵਾਂਗ ਖੇਤੀ ਕਾਨੂੰਨਾਂ ਨੂੰ ਵੀ ਵਿਧਾਨ ਸਭਾ 'ਚ ਰੱਦ ਕਰਵਾਇਆ ਜਾਵੇਗਾ : ਨਵਜੋਤ ਸਿੱਧੂ

ਜਲੰਧਰ : ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਪਿੱਛੋਂ ਪਹਿਲੀ ਵਾਰ ਵਰਕਰਾਂ ਨੂੰ ਮਿਲਣ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਮੁੜ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਏਜੰਡਾ ਸੌਂਪ ਕੇ ਪੰਜਾਬ ਦੇ ਮੁੱਦੇ ਹੱਲ ਕਰਨ ਦੀ ਨੀਂਹ ਰੱਖ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਦਿਲਾਂ ਦੀ ਪਹਿਰੇਦਾਰੀ ਕਰਦਾ ਆਇਆ ਹਾਂ ਤੇ ਮੈਂ ਉਨ੍ਹਾਂ ਦਾ ਪਹਿਰੇਦਾਰ ਹਾਂ। ਪੰਜਾਬੀਆਂ ਦੇ ਦਿਲ ਦੀ ਆਵਾਜ਼ ਹਮੇਸ਼ਾ ਚੁੱਕਦਾ ਰਿਹਾ ਹਾਂ ਅਤੇ ਅੱਗੋਂ ਵੀ ਚੁੱਕਦਾ ਰਹਾਂਗਾ। ਕਾਂਗਰਸੀ ਹਾਈ ਕਮਾਨ ਨੇ ਜੋ 18 ਨੁਕਾਤੀ ਫਾਰਮੂਲਾ ਦਿੱਤਾ ਹੈ, ਉਸ ਫਾਰਮੂਲੇ ਨੂੰ ਪੰਜਾਬ 'ਚ ਹਰ ਹਾਲ 'ਚ ਲਾਗੂ ਕਰਵਾ ਕੇ ਹੀ ਰਹਾਂਗਾ। ਇਸ ਵਿਚ ਜੋ ਵੀ ਰੋੜਾ ਅਟਕਾਏਗਾ, ਉਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੁੱਦਿਆਂ ਨੂੰ ਲੈ ਕੇ ਆਪਣੇ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਸਿੱਧੂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਅਜਿਹੀ ਸਜ਼ਾ ਦਿਵਾਵਾਂਗੇ ਕਿ ਪੀੜ੍ਹੀਆਂ ਤਕ ਮਿਸਾਲ ਕਾਇਮ ਰਹੇਗੀ। ਸਿੱਧੂ ਨੇ ਕਿਹਾ ਕਿ ਪੰਜਾਬ 'ਚ ਮਹਿੰਗੀ ਬਿਜਲੀ ਲਈ ਅਕਾਲੀ ਦਲ ਬਾਦਲ ਦੇ ਨਿੱਜੀ ਕੰਪਨੀਆਂ ਨਾਲ ਥਰਮਲ ਪਲਾਂਟਾਂ ਬਾਰੇ ਕੀਤੇ ਗਏ ਸਮਝੌਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਗਏ ਏਜੰਡੇ 'ਚ ਇਹ ਮੁੱਦਾ ਵੀ ਸ਼ਾਮਲ ਹੈ ਅਤੇ ਮੁੱਖ ਮੰਤਰੀ ਨੇ ਵੀ ਹੁਣ ਇਸ 'ਤੇ ਨਿਰਦੇਸ਼ ਦੇ ਦਿੱਤੇ ਹਨ ਕਿ ਸਮਝੌਤੇ ਰੱਦ ਕੀਤੇ ਜਾਣ। ਸਿੱਧੂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ 'ਚ ਸਭ ਤੋਂ ਅਹਿਮ ਬਿਜਲੀ ਖ਼ਰੀਦ ਦੇ ਸਮਝੌਤੇ ਹਨ। ਬਾਦਲ ਸਰਕਾਰ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੋਲਰ ਊਰਜਾ ਸਬੰਧੀ ਵੀ ਬਹੁਤ ਮਹਿੰਗਾ ਸਮਝੌਤਾ ਕੀਤਾ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਜਿਸ ਤਰ੍ਹਾਂ ਸਤਲੁਜ-ਯਮੁਨਾ ਲਿੰਕ ਨਹਿਰ ਦਾ ਸਮਝੌਤਾ ਵਿਧਾਨ ਸਭਾ 'ਚ ਰੱਦ ਕੀਤਾ ਗਿਆ ਹੈ, ਉਸੇ ਤਰ੍ਹਾਂ ਹੀ ਖੇਤੀ ਕਾਨੂੰਨ ਵੀ ਵਿਧਾਨ ਸਭਾ 'ਚ ਰੱਦ ਕਰਵਾਵਾਂਗੇ।

ਨਸ਼ਾ ਵੇਚਣ ਵਾਲੇ ਬਖਸ਼ੇ ਨਹੀਂ ਜਾਣਗੇ

ਨਵਜੋਤ ਸਿੱਧੂ ਨੇ ਨਸ਼ਾ ਤਸਕਰਾਂ ਤੇ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ 'ਤੇ ਬਿਨਾਂ ਕਿਸੇ ਦਾ ਨਾਂ ਲਏ ਨਿਸ਼ਾਨਾ ਲਾਇਆ ਤੇ ਕਿਹਾ ਕਿ ਪੰਜਾਬ ਦੇ 6 ਫੁੱਟ 4 ਇੰਚ ਲੰਬੇ ਆਗੂ ਨੂੰ ਸਬਕ ਸਿਖਾਉਣਾ ਹੈ। ਉਨ੍ਹਾਂ ਨੇ ਵਰਕਰਾਂ ਤੋਂ ਵੱਡੇ ਅਕਾਲੀ ਆਗੂਆਂ ਵਿਰੁੱਧ ਨਾਅਰੇ ਵੀ ਲਗਵਾਏ। ਸਿੱਧੂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਐੱਸਟੀਐੱਫ ਦੀ ਰਿਪੋਰਟ 'ਚ ਜਿਨ੍ਹਾਂ ਦਾ ਨਾਂ ਆਇਆ ਹੈ, ਉਹ ਕਾਰਵਾਈ ਦੇ ਘੇਰੇ 'ਚ ਆਉਣਗੇ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਹਾਈ ਕਮਾਨ ਦੇ ਦਬਾਅ 'ਚ ਨਜ਼ਰ ਆਏ ਸਿੱਧੂ

ਵਾਰ-ਵਾਰ ਆਪਣੀ ਹੀ ਸਰਕਾਰ ਦੇ ਕੰਮ 'ਤੇ ਉਂਗਲ ਚੁੱਕ ਰਹੇ ਨਵਜੋਤ ਸਿੰਘ ਸਿੱਧੂ ਹੁਣ ਪਾਰਟੀ ਹਾਈ ਕਮਾਨ ਦੇ ਦਬਾਅ 'ਚ ਨਜ਼ਰ ਆ ਰਹੇ ਹਨ। ਸਾਰੇ ਮੁੱਦਿਆਂ 'ਤੇ ਬੇਬਾਕ ਬੋਲਣ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਅੱਗੇ ਤੋਂ ਜਨਤਕ ਤੌਰ 'ਤੇ ਇਹ ਮੁੱਦੇ ਨਾ ਚੁੱਕ ਸਕਣ ਕਿਉਂਕਿ ਉਨ੍ਹਾਂ ਨੇ ਪਾਰਟੀ ਸੰਗਠਨ ਦਾ ਕੰਮ ਕਰਨਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਆਪਣੀ ਹੀ ਸਰਕਾਰ 'ਤੇ ਦੋਸ਼ ਲਾਏ ਕਾਰਨ ਹਾਈ ਕਮਾਨ ਸਿੱਧੂ ਤੋਂ ਨਾਰਾਜ਼ ਹੈ ਅਤੇ ਉਨ੍ਹਾਂ ਨੂੰ ਬੁਲਾ ਕੇ ਇਸ ਸਬੰਧੀ ਹਦਾਇਤ ਦਿੱਤੀ ਗਈ ਹੈ। ਹਾਲਾਂਕਿ ਸਿੱਧੂ ਨੇ ਕਿਹਾ ਕਿ ਉਹ ਪੰਜਾਬ 'ਚ ਰੋਸ ਮੁਜ਼ਾਹਰੇ ਕਰਨ ਵਾਲਿਆਂ ਦੀ ਹਮਾਇਤ ਕਰਦੇ ਹਨ, ਚਾਹੇ ਉਹ ਡਾਕਟਰ, ਨਰਸਾਂ, ਸਫ਼ਾਈ ਮੁਲਾਜ਼ਮ ਜਾਂ ਹੋਰ ਮੁਲਾਜ਼ਮ ਹੋਣ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਪ੍ਰਦਰਸ਼ਨਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt