ਭਾਰਤੀ ਮੁੱਕੇਬਾਜ਼ ਮੈਰੀ ਕੌਮ ਨੇ ਕੀਤੀ ਸ਼ਾਨਦਾਰ ਸ਼ੁਰੂਆਤ
ਟੋਕੀਓ ਓਲੰਪਿਕ 'ਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਮੈਰੀ ਕੌਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਉਸ ਨੇ ਮਹਿਲਾ ਫਲਾਈਵੇਟ (48-51 ਕਿੱਲੋਗ੍ਰਾਮ) ਵਰਗ ਦੇ ਸ਼ੁਰੂਆਤੀ ਰਾਊਂਡ (32 ਮੁਕਾਬਲਿਆਂ ਦੇ ਦੌਰ) 'ਚ ਮਿਗੂਏਲਿਨਾ ਹਰਨਾਡੇਜ਼ ਗਾਰਸੀਆ ਨੂੰ 4-1 ਨਾਲ ਹਰਾਇਆ। ਇਸ ਦੇ ਨਾਲ ਹੀ ਉਹ ਅਗਲੇ ਰਾਊਂਡ (16 ਮੁਕਾਬਲਿਾਂ ਦੇ ਦੌਰ) 'ਚ ਪ੍ਰਵੇਸ਼ ਕਰ ਗਈ ਹੈ। ਪਹਿਲੇ ਦੋ ਰਾਊਂਡ ਤੋਂ ਬਾਅਦ, ਸਕੋਰ 19-19 ਦੇ ਬਰਾਬਰੀ 'ਤੇ ਸੀ ਤੇ ਮੈਚ ਕਾਫੀ ਰੋਮਾਂਚਕ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਰਾਊਂਡ 3 ਵਿਚ ਮੈਰੀ ਕੌਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮਹਿਲਾ ਸਿੰਗਲਜ਼ ਦੇ ਤੀਸਰੇ ਰਾਊਂਡ 'ਚ ਪੁੱਜੀ ਮਨਿਕਾ ਬੱਤਰਾ
ਭਾਰਤੀ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਐਤਵਾਰ ਨੂੰ ਟੋਕੀਓ ਓਲੰਪਿਕ 'ਚ ਮਹਿਲਾ ਸਿੰਗਲਜ਼ ਦੇ ਦੂਸਰੇ ਰਾਊਂਡ 'ਚ ਯੂਕ੍ਰੇਨ ਦੀ ਮਾਰਗੇਰੀਟਾ ਪੈਸੋਤਸਕਾ ਨੂੰ 4-3 ਨਾਲ ਹਰਾ ਦਿੱਤਾ ਹੈ। ਦੋਵਾਂ ਵਿਚਕਾਰ ਪੂਰਾ ਮੈਚ 57 ਮਿੰਟ ਤਕ ਚੱਲਿਆ। ਇਸ ਜਿੱਤ ਦੇ ਨਾਲ ਉਹ ਤੀਸਰੇ ਰਾਊਂਡ ਵਿਚ ਪ੍ਰਵੇਸ਼ ਕਰ ਗਈ ਹੈ।
ਟੇਬਲ ਟੈਨਿਸ 'ਚ ਵੀ ਝਟਕਾ
ਭਾਰਤ ਦੇ ਟੇਬਲ ਟੈਨਿਸ ਖਿਡਾਰੀ ਸਾਥੀਆਨ ਗਿਆਨਸ਼ੇਖਰਨ ਐਤਵਾਰ ਨੂੰ ਇੱਥੇ ਟੋਕੀਓ ਮੈਟ੍ਰੋਪਾਲਿਟਨ ਜਿਮ-ਟੇਬਲ 1 ਵਿਚ ਹਾਂਗਕਾਂਗ ਦੇ ਕਾਮ ਸਿਊ ਹੈਂਗ ਤੋਂ ਹਾਰਨ ਤੋਂ ਬਾਅਦ ਸਿੰਗਲਜ਼ ਮੁਕਾਬਲੇ ਤੋਂ ਬਾਹਰ ਹੋ ਗਏ। ਲੈਮ ਸਿਊ ਹੈਂਗ ਨੇ ਐਤਵਾਰ ਨੂੰ ਪੁਰਸ਼ ਸਿੰਗਲ ਮੁਕਾਬਲੇ ਦੇ ਰਾਊਂਡ 2 ਵਿਚ ਸਾਥੀਆਨ ਨੂੰ 4-3 ਨਾਲ ਹਰਾਇਆ ਤੇ ਇਸ ਦੇ ਨਤੀਜੇ ਵਜੋਂ ਉਹ ਰਾਊਂਡ 3 ਵਿਚ ਪਹੁੰਚ ਗਏ ਹਨ। ਪੂਰਾ ਮੈਚ 1 ਘੰਟਾ 3 ਮਿੰਟ ਤਕ ਚੱਲਿਆ। ਸਿਊ ਹੈਂਗ ਨੇ ਗੇਮ 1 (11-7) ਜਿੱਤ ਲਈ, ਪਰ ਸਾਥੀਆਨ ਗੇਮ-2 'ਚ ਵਾਪਸੀ ਕਰਨ ਵਿਚ ਸਫ਼ਲ ਰਹੇ ਕਿਉਂਕਿ ਉਨ੍ਹਾਂ ਨੇ ਇਸ ਨੂੰ 11-7 ਨਾਲਜਿੱਤਿਆ ਤੇ ਨਤੀਜੇ ਵਜੋਂ ਮੈਚ ਬਰਾਬਰੀ 'ਤੇ ਰਿਹਾ ਤੇ ਬਾਅਦ ਵਿਚ ਉਨ੍ਹਾਂ ਨੂੰ ਹਾਰ ਝੱਲਣੀ ਪਈ।
ਨਿਸ਼ਾਨੇਬਾਜ਼ੀ 'ਚ ਝਟਕਾ
10 ਮੀਟਰ ਏਅਰ ਰਾਈਫਲ ਮੇਨਸ ਕਵਾਲੀਫਿਕੇਸ਼ਨ 'ਚ ਭਾਰਤ ਦੇ ਦਿਵਿਆਂਸ਼ ਪੰਵਾਰ ਤੇ ਦੀਪਕ ਕੁਮਾਰ ਮੈਡਲ ਦੌੜ ਵਿਚ ਜਗ੍ਹਾ ਬਣਾਉਣ ਵਿਚ ਨਾਕਾਮ ਰਹੇ। ਇਸ ਤੋਂ ਇਲਾਵਾ 10 ਮੀਟਰ ਏਅਰ ਪਿਸਟਲ 'ਚ ਮਨੂ ਭਾਕਰ (Manu Bhakar) ਤੇ ਯਸ਼ਸਵਨੀ ਸਿੰਘ ਦੇਸਵਾਲ (Yashaswini Singh Deswal), ਦੋਵੇਂ ਹੀ ਫਾਈਨਲ ਦੀ ਦੌੜ 'ਚੋਂ ਬਾਹਰ ਹੋ ਗਈਆਂ। ਮਨੂ 575 ਅੰਕਾਂ ਦੇ ਨਾਲ 12ਵੇਂ ਜਦਕਿ ਯਸ਼ਸਵਨੀ 574 ਅੰਕਾਂ ਦੇ ਨਾਲ 13ਵੇਂ ਨੰਬਰ 'ਤੇ ਰਹੀ। ਇਸ ਤਰ੍ਹਾਂ ਦੋਵੇਂ ਖਿਡਾਰਨਾਂ ਮੈਡਲ ਦੀ ਦੌੜ ਤੋਂ ਬਾਹਰ ਹੋ ਗਈਆਂ।
ਪੀਵੀ ਸਿੰਧੂ ਦੀ ਦੀ ਧਮਾਕੇਦਾਰ ਜਿੱਤ
ਪੀਵੀ ਸਿੰਧੂ (PV Sindhu) ਨੇ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਉਸ ਨੇ ਇਜ਼ਰਾਈਲ ਦੀ ਕੇਸਨੇਨੀਆ ਪੋਲਿਕਾਰਪੋਵਾ ਨੂੰ ਹਰਾਇਆ। ਸ਼ੁਰੂ 'ਚ ਪੋਲਿਕਾਰਪੋਵਾ ਨੇ 3-1 ਦੀ ਬੜ੍ਹਤ ਲਈ ਸੀ, ਪਰ ਸਿੰਧੂ ਨੇ 5-5 ਨਾਲ ਲਗਾਤਾਰ 12 ਅੰਕ ਜਿੱਤੇ। ਉਸ ਨੇ ਇਸ ਗਰੁੱਪ ਮੈਚ ਨੂੰ ਸਿਰਫ਼ 29 ਮਿੰਟਾਂ 'ਚ 21-7, 21-10 ਨਾਲ ਜਿੱਤ ਲਿਆ।
ਸਾਨੀਆ-ਅੰਕਿਤਾ ਦੀ ਜੋੜੀ ਨੇ ਕੀਤਾ ਨਿਰਾਸ਼
ਟੈਨਿਲ ਮਹਿਲਾ ਡਬਲ (Tennis Woman Double) 'ਚ ਵੱਡੀ ਨਿਰਾਸ਼ਾ ਹੱਥ ਲੱਗੀ ਹੈ। ਸਾਨੀਆ ਮਿਰਜ਼ਾ (Sania Mirza) ਤੇ ਅੰਕਿਤਾ ਰੈਣਾ (Ankita Raina) ਪਹਿਲੇ ਦੌਰ 'ਚ ਬਾਹਰ ਹੋ ਗਈਆਂ ਹਨ। ਦੋਵਾਂ ਨੇ ਸ਼ੁਰੂਆਤ ਚੰਗੀ ਕੀਤੀ ਤੇ ਪਹਿਲਾ ਸੈੱਟ 6-0 ਨਾਲ ਜਿੱਤਿਆ। ਦੂਸਰੇ ਸੈੱਟ ਤੇ ਮੈਚ ਲਈ 5-3 'ਤੇ ਸਰਵਿਸ ਕਰ ਰਹੀਆਂ ਸਨ, ਪਰ ਯੂਕ੍ਰੇਨ ਦੀ ਲਿਊਡਮਿਲਾ ਤੇ ਨਾਦੀਆ ਕਿਚੇਨੋਕ ਨੇ ਆਪਣੀ ਲੈਅ ਹਾਸਲ ਕਰ ਲਈ ਤੇ ਤੀਸਰਾ ਸੈੱਟ ਟਾਈ-ਬ੍ਰੇਕਰ ਲਈ ਮਜਬੂਰ ਕਰ ਦਿੱਤਾ। ਅਖੀਰ ਵਿਚ ਯੂਕ੍ਰੇਨ ਦੀ ਜੋੜੀ ਨੇ ਮੈਚ ਨੂੰ 6-0, 6-7 (0), 8-10 ਨਾਲ ਜਿੱਤ ਲਿਆ।
ਕੀ ਮਨੂ ਭਾਕਰ ਦੀ ਪਿਸਟਲ ਨਾਲ ਹੋਈ ਛੇੜਛਾੜ
ਮਨੂ ਭਾਕਰ (Manu Bhakar) ਦੀ ਪਿਸਟਲ ਦੇ ਇਲੈਕਟ੍ਰਾਨਿਕ ਟ੍ਰਿਗਰ ਦੇ ਸਰਕਟ 'ਚ ਖਰਾਬੀ ਆ ਗਈ ਸੀ। ਇਸ ਤੋਂ ਪਹਿਲਾਂ ਤਕ ਉਹ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਸੀ। ਫਾਈਨਲ 'ਚ ਪਹੁੰਚਣ ਤੋਂ ਉਹ ਸਿਰਫ਼ 2 ਪੁਆਇੰਟਾਂ ਨਾਲ ਪੱਛੜ ਗਈ। ਪਿਸਟਲ ਖਰਾਬ ਹੋਣ ਕਾਰਨ ਉਸ ਦਾ 5 ਮਿੰਟ ਤੋਂ ਜ਼ਿਆਦਾ ਸਮਾਂ ਖਰਾਬ ਹੋਇਆ। ਜਦੋਂ ਉਹ ਪਰਤੀ ਤਾਂ ਦਬਾਅ ਸਾਫ਼ ਝਲਕ ਰਿਹਾ ਸੀ। ਇਹੀ ਕਾਰਨ ਰਿਹਾ ਕਿ ਉਹ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ।