ਸ਼ਾਹਕੋਟ : ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਅਧੀਨ ‘ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸੇਸ਼ ਸਾ’ ਮੁਹਿੰਮ ਤਹਿਤ ਅਗਸਤ ਮਹੀਨੇ ਦੇ ਹਰ ਐਤਵਾਰ ਵੱਖ-ਵੱਖ ਸਫਾਈ ਗਤੀਵਿਧੀਆਂ ਕਰਨ ਲਈ ਕਿਹਾ ਗਿਆ ਹੈ ਜਿਸ ‘ਤੇ ਸਫਾਈ ਕਰਮਚਾਰੀਆਂ ਵੱਲੋਂ ਨਗਰ ਪੰਚਾਇਤ ਦੇ ਪ੍ਰਧਾਨ ਸਤੀਸ਼ ਰਿਹਾਨ ਤੇ ਸੀਐੱਫ ਜਗਨਦੀਪ ਕੌਰ ਦੀ ਅਗਵਾਈ ‘ਚ ਬੱਸ ਸਟੈਂਡ ਤੇ ਮੇਨ ਬਾਜ਼ਾਰ ਦੀ ਸਫਾਈ ਕੀਤੀ ਗਈ।
ਇਸ ਮੌਕੇ ਪ੍ਰਧਾਨ ਸਤੀਸ਼ ਰਿਹਾਨ ਤੇ ਜਗਨਦੀਪ ਕੌਰ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਵਿਚ ਜੇ ਸ਼ਹਿਰ ਵਾਸੀ ਵੀ ਨਗਰ ਪੰਚਾਇਤ ਨੂੰ ਪੂਰਨ ਸਹਿਯੋਗ ਦੇਣ ਤਾਂ ਸ਼ਾਹਕੋਟ ਨੂੰ ਬਹੁਤ ਹੀ ਸੁੰਦਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਅਗਸਤ ਮਹੀਨੇ ਦੇ ਬਾਕੀ ਐਤਵਾਰ ਵੀ ਸ਼ਹਿਰ ‘ਚ ਵੱਖ ਵੱਖ ਥਾਂਵਾਂ ‘ਤੇ ਸਫਾਈ ਕਾਰਜ ਕੀਤੇ ਜਾਣਗੇ। ਉਨ੍ਹਾਂ ਸੋਲਿਡ ਵੇਸਟ ਮੈਨੇਜਮੈਂਟ ਅਧੀਨ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਮਨਦੀਪ ਸਿੰਘ ਕਲਰਕ, ਜਸਕਰਨ ਸਿੰਘ ਜੱਸੀ,ਵਿਜੈ ਕੁਮਾਰ, ਵਿਕਰਮ ਗਿੱਲ ਆਦਿ ਹਾਜ਼ਰ ਸਨ।