ਸ਼ਾਹਕੋਟ : ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਬਣਾਉਣ ਦੀਆਂ ਕੀਤੀਆਂ ਜਾ ਰਹੀਆਂ
ਕੋਸ਼ਿਸ਼ਾਂ ਤਹਿਤ ਕਮਿਊਨਿਟੀ ਹੈਲਥ ਸੈਂਟਰ ਸ਼ਾਹਕੋਟ ਵਿਖੇ ਆਧੂਨਿਕ ਆਟੋਮੈਟਿਕ ਐਕਸ ਰੇ ਮਸ਼ੀਨ ਲਗਾਈ ਗਈ
ਹੈ। ਸ਼ੁੱਕਰਵਾਰ ਨੂੰ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਇਸਦਾ ਰਸਮੀ ਉਦਘਾਟਨ ਕੀਤਾ।
ਇਸ ਮੌਕੇ ਉਨਾਂ ਦੇ ਨਾਲ ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ, ਨਗਰ ਪੰਚਾਇਤ ਦੇ ਪ੍ਰਧਾਨ
ਸਤੀਸ਼ ਰਿਹਾਨ, ਡਾ. ਰੋਸ਼ਨ ਲਾਲ, ਡਾ. ਰਾਜਵੀ, ਬੀਈਈ ਚੰਦਨ ਮਿਸ਼ਰਾ, ਨਰਸਿੰਗ ਸਿਸਟਰ ਜਸਵਿੰਦਰ ਕੌਰ ਸਚਦੇਵਾ,
ਫਾਰਮੇਸੀ ਅਫਸਰ ਕਵਿਤਾ ਪੱਬੀ, ਸੁਰਿੰਦਰ ਸਿੰਘ, ਤਰਨਦੀਪ ਸਿੰਘ ਰੂਬੀ, ਸੇਵਾਮੁਕਤ ਰੇਡੀਓਗ੍ਰਾਫਰ ਐਡਵਿਨ,
ਲੈਬੋਰਟਰੀ ਟੈਕਨੀਸ਼ੀਅਨ ਸੁਧੀਰ ਨਾਹਰ, ਮਲਟੀਪਰਪਜ਼ ਹੈਲਥ ਵਰਕਰ ਅਮਨਦੀਪ ਸਿੰਘ, ਸ਼ਾਹਕੋਟ ਦੇ ਕੌਂਸਲਰ
ਤੇ ਹੋਰ ਪਤਵੰਤੇ ਮੌਜੂਦ ਸਨ।
ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ
ਦੀ ਕੋਸ਼ਿਸ਼ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਨੂੰ ਹਰ ਤਰਾਂ ਦਾ ਇਲਾਜ ਮੁਹੱਈਆ ਕਰਵਾਇਆ ਜਾ ਸਕੇ।
ਇਸਦੇ ਲਈ ਇਕ ਪਾਸੇ ਹਸਪਤਾਲਾਂ ਵਿਚ ਹਰੇਕ ਬੀਮਾਰੀ ਦੇ ਇਲਾਜ ਲਈ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ
ਹਨ, ਤਾਂ ਦੂਜੇ ਪਾਸੇ ਹਸਪਤਾਲਾਂ ਦੀ ਮਸ਼ੀਨਰੀ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ, ਤਾਂ ਜੋ ਮਰੀਜਾਂ
ਨੂੰ ਟੈਸਟਾਂ ਆਦਿ ਦੇ ਲਈ ਨਿਜੀ ਹਸਪਤਾਲਾਂ ’ਚ ਵੱਧ ਪੈਸੇ ਨਾ ਦੇਣੇ ਪੈਣ।

ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਕਿਹਾ ਕਿ ਸੀਐਚਸੀ
ਸ਼ਾਹਕੋਟ ਵਿਖੇ ਆਟੋਮੈਟਿਕ ਐਕਸਰੇ ਮਸ਼ੀਨ ਲੱਗਣ ਤੋਂ ਬਾਅਦ ਪੂਰਾ ਐਕਸਰੇ ਵਿਭਾਗ ਆਧੁਨਿਕ ਹੋ ਗਿਆ ਹੈ।
ਦੋ ਸਾਲ ਪਹਿਲਾਂ ਡਿਜੀਟਲ ਐਕਸਰੇ ਦੇ ਲਈ ਪੂਰਾ ਸੈੱਟਅਪ ਇੰਸਟਾਲ ਕੀਤਾ ਗਿਆ ਸੀ, ਜਿਸ ਉੱਪਰ 10 ਲੱਖ
ਦੀ ਲਾਗਤ ਆਈ ਸੀ ਅਤੇ ਹੁਣ 12 ਲੱਖ ਰੁਪਏ ਦੀ ਆਟੋਮੈਟਿਕ ਐਕਸਰੇ ਮਸ਼ੀਨ ਲਗਾਈ ਗਈ ਹੈ। ਇਸ ਰਾਹੀਂ ਉਹ
ਮੁਸ਼ਕਲ ਐਕਸਰੇ ਵੀ ਕੀਤੇ ਜਾ ਸਕਣਗੇ, ਜਿਨਾਂ ਦੇ ਲਈ ਮਰੀਜਾਂ ਨੂੰ ਨਕੋਦਰ ਅਤੇ ਜਲੰਧਰ ਦੇ ਵੱਡੇ ਸੰਸਥਾਨਾਂ
’ਚ ਜਾਣਾ ਪੈਂਦਾ ਸੀ। ਇਸ ਮਸ਼ੀਨ ਨੇ 17 ਸਾਲ ਪੁਰਾਣੀ ਐਕਸਰੇ ਮਸ਼ੀਨ ਦਾ ਸਥਾਨ ਲਿਆ ਹੈ, ਜੋ ਅਕਸਰ ਖਰਾਬ ਹੋ ਜਾਂਦੀ ਸੀ ਤੇ ਇਸ
ਕਾਰਨ ਮਰੀਜਾਂ ਨੂੰ ਬਹੁਤ ਖੱਜਲ ਹੋਣਾ ਪੈਂਦਾ ਸੀ। ਇਸ ਮਸ਼ੀਨ ਦੀ ਬਦੌਲਤ ਹੁਣ ਸ਼ਰੀਰ ਦੇ ਵੱਖ-ਵੱਖ ਹਿੱਸਿਆਂ
ਦਾ ਐਸਕਰੇ ਕਰਨ ਦੇ ਲਈ ਮਰੀਜ਼ ਨੂੰ ਵਾਰ-ਵਾਰ ਹਿਲਾਉਣ ਦੀ ਲੋੜ ਨਹੀਂ ਹੋਵੇਗੀ, ਸਗੋਂ ਐਕਸ ਰੇ ਟੇਬਲ
ਨੂੰ ਹੀ ਅੱਗੇ-ਪਿੱਛੇ ਕੀਤਾ ਜਾ ਸਕੇਗਾ। ਇੰਨਾ ਹੀ ਨਹੀਂ ਪਹਿਲਾਂ ਦੇ ਮੁਕਾਬਲੇ ਹੁਣ ਖੜੇ ਹੋ ਕੇ ਪੇਟ
ਤੇ ਗੋਡੇ ਤੱਕ ਦੇ ਐਕਸਰੇ ਕਰਵਾਉਣ ਦੀ ਵੀ ਸਹੂਲਤ ਉਪਲਬਧ ਹੋਵੇਗੀ। ਇਸ ਮੌਕੇ ਮੰਡੀ ਕਮੇਟੀ ਦੇ ਪ੍ਰਧਾਨ ਪਵਨ ਅਗਰਵਾਲ ਐੱਮਸੀ, ਮਾਰਕੀਟ ਕਮੇਟੀ ਦੇ
ਵਾਈਸ ਚੇਅਰਮੈਨ ਕਪਿਲ ਗੁਪਤਾ, ਸੀਨੀਅਰ ਕਾਂਗਰਸੀ ਆਗੂ ਬੂਟਾ ਸਿੰਘ ਕਲਸੀ, ਬਿਕਰਮਜੀਤ ਸਿੰਘ ਬਜਾਜ,
ਸ਼ਹਿਰੀ ਪ੍ਰਧਾਨ ਪ੍ਰਵੀਨ ਗਰੋਵਰ, ਯੂਥ ਕਾਂਗਰਸ ਦੇ ਪ੍ਰਧਾਨ ਖੁਸ਼ਦੀਪ ਸਿੰਘ ਧੰਜੂ, ਯਸ਼ਪਾਲ ਗੁਪਤਾ, ਕੁਲਵਿੰਦਰ
ਸਿੰਘ ਜੌੜਾ, ਤਾਰਾ ਚੰਦ ਸਾਬਕਾ ਐੱਮਸੀ, ਰਾਜ ਕੁਮਾਰ ਐੱਮਸੀ, ਰੋਮੀ ਗਿੱਲ ਐੱਮਸੀ, ਟਿੰਪੀ ਕੁਮਰਾ,
ਕਮਲ ਨਾਹਰ ਐੱਮਸੀ, ਨਵਨੀਤ ਸਿੰਘ ਥਿੰਦ ਆਦਿ ਹਾਜ਼ਰ ਸਨ।
ਟਚਸਕ੍ਰੀਨ ਆਪਰੇਟਿੰਗ ਡਿਸਪਲੇ ਅਤੇ ਇਲੈਕਟਰੋਮੈਗਨੇਟਿਕਸ ਲਾਕ ਦੇ ਨਾਲ ਲੈਸ
ਹੈ ਮਸ਼ੀਨ
ਸੀਐਚਸੀ ਸ਼ਾਹਕੋਟ ਵਿਖੇ ਬਤੌਰ ਰੇਡੀਓਗ੍ਰਾਫਰ ਤੈਨਾਤ ਤੇ ਐਕਸਰੇ ਮਸ਼ੀਨ ਦਾ
ਸੰਚਾਲਨ ਕਰਨ ਵਾਲੇ ਵਿਸ਼ਾਲ ਮਸੀਹ ਨੇ ਦੱਸਿਆ ਕਿ ਪੁਰਾਣੀ ਮਸ਼ੀਨ 100 ਐਮਏ ਉੱਤੇ ਕੰਮ ਕਰਦੀ ਸੀ, ਜਦਕੀ
ਨਵੀਂ ਮਸੀਨ 300 ਐਮਏ ’ਤੇ ਕੰਮ ਕਰਦੀ ਹੈ। ਇਸ ਦੀ ਬਦੌਲਤ ਸਰੀਰ ਦੇ ਗੁੰਝਲੇ ਸਥਾਨਾਂ ਜਿਵੇਂ ਕਿ ਰੀੜ
ਦੀ ਹੱਡੀ ਅਤੇ ਪੇਟ ਦੇ ਕੁਝ ਹਿੱਸਿਆਂ ਦਾ ਵੀ ਸਾਫ ਐਕਸਰੇ ਲਿਆ ਜਾ ਸਕਦਾ ਹੈ। ਇਸ ਮਸ਼ੀਨ ਦੇ ਸੰਚਾਲਨ
ਲਈ ਟਚਸਕ੍ਰੀਨ ਪੈਨਲ ਹੈ, ਜਿਸ ’ਤੇ ਮਰੀਜ ਦੀ ਸਰੀਰਕ ਬਨਾਵਟ ਦੇ ਅਨੁਸਾਰ ਸਵੈਚਾਲਿਤ ਤਰੀਕੇ ਦੇ ਨਾਲ
ਮਸ਼ੀਨ ਨੂੰ ਐਡਜਸਟ ਕੀਤਾ ਜਾ ਸਕਦਾ ਹੈ। ਨਾਲ ਹੀ ਇਸ ’ਚ ਆਉਣ ਵਾਲੀ ਕਿਸੇ ਖਰਾਬੀ ਨੂੰ ਦੱਸਣ ਲਈ ਟ੍ਰਬਲਸੂਟਿੰਗ
ਪੈਨਲ ਵੀ ਦਿੱਤਾ ਗਿਆ ਹੈ। ਇਹ ਮਸ਼ੀਨ ਅਟੋਮਿਕ ਐਨਰਜੀ ਰੈਗੂਲੇਟਰੀ ਬੋਰਡ ਵਲੋਂ ਮਾਨਤਾ ਪ੍ਰਾਪਤ ਹੈ ਤੇ
ਇਸ ਤੋਂ ਨਿਕਲਣ ਵਾਲੀਆਂ ਐਕਸ ਰੇ ਕਿਰਣਾ ਪੁਰਾਣੀ ਮਸ਼ੀਨ ਦੇ ਮੁਕਾਬਲੇ ਪੰਜ ਗੁਣਾ ਤੱਕ ਘੱਟ ਹਨ। ਇਸ
ਸਦਕਾ ਮਰੀਜ ਤੇ ਐਕਸਰੇ ਕਰਨ ਵਾਲੇ ਦੋਹਾਂ ਨੂੰ ਘੱਟ ਐਕਸਪੋਜਰ ਹੁੰਦਾ ਹੈ।