ਸ਼ਾਹਕੋਟ : ਸਥਾਨਕ ਬੱਸ ਅੱਡੇ ‘ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਮਲਸੀਆਂ ਦੀ ਅਗਵਾਈ ਵਿਚ ਰੈਲੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਜਿੱਥੇ ਪੰਜਾਬ ਦੀ ਸੱਤਾਧਾਰੀ ਧਿਰ ਅਤੇ ਅਕਾਲੀ ਦਲ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਅਲੋਚਨਾ ਹੋਈ ਉੱਥੇ ‘ਆਪ’ ਦੀ ਹਾਈਕਮਾਨ ਕੋਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ ਦਾ ਇੰਚਾਰਜ ਲਾਉਣ ਦੇ ਫ਼ੈਸਲੇ ਨੂੰ ਮੁੜ ਵਿਚਾਰਨ ਦੀ ਮੰਗ ਕੀਤੀ ਗਈ। ਦੱਸਣਯੋਗ ਹੈ ਕਿ ‘ਆਪ’ ਵੱਲੋਂ ਰਤਨ ਸਿੰਘ ਕਾਕੜ ਕਲਾਂ ਨੂੰ ਹਲਕਾ ਸ਼ਾਹਕੋਟ ਦਾ ਇੰਚਾਰਜ ਲਾਇਆ ਗਿਆ ਹੈ ਤੇ ਉਨ੍ਹਾਂ ਨੂੰ ਹੀ 2022 ਦੀਆ ਚੋਣਾਂ ਲਈ ‘ਆਪ’ ਦਾ ਉਮੀਦਵਾਰ ਸਮਝਿਆ ਜਾ ਰਿਹਾ ਹੈ।
ਹਲਕੇ ‘ਚ ‘ਆਪ’ ਦੇ ਅੰਦਰੋਂ ਹੀ ਰਤਨ ਸਿੰਘ ਕਾਕੜ ਕਲਾਂ ਵਿਰੁੱਧ ਆਵਾਜ਼ਾਂ ਉੱਠ ਰਹੀਆਂ ਹਨ। ਪਿਛਲੇ ਦਿਨੀਂ ਹਲਕਾ ਇੰਚਾਰਜ ਬਣਨ ‘ਤੇ ਰਤਨ ਸਿੰਘ ਕਾਕੜ ਕਲਾਂ ਦੇ ਸਮਰਥਕਾਂ ਵੱਲੋਂ ਸਥਾਨਕ ਦਾਣਾ ਮੰਡੀ ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ ਸੀ ਤੇ ਉਸੇ ਦਿਨ ਨੇੜਲੇ ਕਸਬੇ ਮਲਸੀਆਂ ਵਿਚ ‘ਆਪ’ ਵਰਕਰਾਂ ਨੇ ਇਕੱਠ ਕਰਕੇ ਰਤਨ ਸਿੰਘ ਕਾਕੜ ਕਲਾਂ ਨੂੰ ਹਲਕਾ ਇੰਚਾਰਜ ਲਾਉਣ ਦਾ ਵਿਰੋਧ ਕੀਤਾ ਸੀ। ਉਸੇ ਤਰਜ਼ ‘ਤੇ ਅੱਜ ਸ਼ਾਹਕੋਟ ਵਿਚ ‘ਆਪ’ ਵਰਕਰਾਂ ਵੱਲੋਂ ਇਕੱਠ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਮਲਸੀਆਂ ਨੇ ਕਿਹਾ ਕਿ ਹਲਕੇ ਅੰਦਰ ‘ਆਪ’ ਇਕ ਪਰਿਵਾਰ ਵਾਂਗ ਵਿਚਰ ਰਹੀ ਹੈ। ਪਰਿਵਾਰ ਵਿਚ ਵਕਤੀ ਤੌਰ ‘ਤੇ ਮਨ-ਮੁਟਾਵ ਹੋ ਜਾਇਆ ਕਰਦੇ ਹਨ। ਉਹ ਸਮਝਦੇ ਹਨ ਕਿ ਰਤਨ ਸਿੰਘ ਕਾਕੜ ਕਲਾਂ ਦੀ ਕਾਰਗੁਜ਼ਾਰੀ ਦੇਖਦਿਆਂ ਕਿਸੇ ਸਮਰੱਥ ਆਗੂ ਨੂੰ ਹਲਕੇ ਦਾ ਇੰਚਾਰਜ ਬਣਾਇਆ ਜਾਵੇ। ’ਆਪ’ਆਗੂ ਨੇ ਕਿਹਾ ਕਿ ਹਲਕੇ ਵਿਚ ‘ਆਪ’ ਚੋਣ ਲੜਨ ਲਈ ਹੀ ਨਹੀਂ ਸਗੋਂ ਚੋਣ ਜਿੱਤਣ ਲਈ ਨਿਤਰਨਾ ਚਾਹੁੰਦੀ ਹੈ। ਇਸ ਕਰਕੇ ਹਾਈਕਮਾਂਡ ਨੂੰ ਹਲਕਾ ਇੰਚਾਰਜ ਲਗਾਉਣ ਦੇ ਮਾਮਲੇ ਵਿਚ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2018 ਦੀ ਜ਼ਿਮਨੀ ਚੋਣ ਵਿੱਚ ‘ਆਪ’ ਦੇ ਉਮੀਦਵਾਰ ਦੀ ਕਾਰਗੁਜ਼ਾਰੀ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਇਸ ਮੌਕੇ ਸੰਤੋਖ ਸਿੰਘ ਸਿੰਘਪੁਰ ਜ਼ਿਲ੍ਹਾ ਸਕੱਤਰ ਐੱਸਸੀ ਵਿੰਗ, ਤਰਸੇਮ ਸਿੰਘ ਸ਼ੇਖੇਵਾਲ, ਕੁਲਵਿੰਦਰ ਸਿੰਘ ਰਾਮਪੁਰ, ਤਰਸੇਮ ਸਿੰਘ ਮਲਸੀਆਂ, ਕੁਲਵਿੰਦਰ ਰਾਮੂਵਾਲ, ਸਰਬਜੀਤ ਸਿੰਘ ਮਲਸੀਆਂ, ਨਵਦੀਪ ਮਹਿਤਪੁਰ, ਗੁਰਨਾਮ ਸਿੰਘ, ਪਰਮਜੀਤ ਸਿੰਘ ਉਦੋਵਾਲ, ਮੋਹਣ ਸਿੰਘ ਉਮਰੇਵਾਲ, ਸਤਨਾਮ ਸਿੰਘ ਮਲਸੀਆਂ ਸਮੇਤ ਵੱਡੀ ਗਿਣਤੀ ‘ਚ ‘ਆਪ’ ਵਰਕਰ ਹਾਜ਼ਰ ਸਨ।