ਮਲਸੀਆਂ : ਪਿਛਲੇ ਦਿਨੀਂ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਨਿਯੁਕਤ ਕੀਤੇ ਗਏ ਜਿਸ ਤਹਿਤ ਰਤਨ ਸਿੰਘ ਕਾਕੜ ਕਲਾਂ ਨੂੰ ਹਲਕਾ ਸ਼ਾਹਕੋਟ ਦਾ ਇੰਚਾਰਜ ਨਿਯੁਕਤ ਕਰਨ ‘ਤੇ ਦਾਣਾ ਮੰਡੀ ਸ਼ਾਹਕੋਟ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਦੂਜੇ ਪਾਸੇ ‘ਆਪ’ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਨੇ ਕਾਕੜ ਕਲਾਂ ਦੀ ਹਲਕਾ ਇੰਚਾਰਜ ਵਜੋਂ ਨਿਯੁਕਤੀ ਤੋਂ ਨਾ ਖੁਸ਼ ਹੁੰਦੇ ਹੋਏ ਮਲਸੀਆਂ ਵਿਖੇ ਭਾਰੀ ਇਕੱਠ ਕਰਕੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ ਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਇਸ ਨਿਯੁਕਤੀ ‘ਤੇ ਦੁਬਾਰਾ ਮੰਥਨ ਕਰਨ ਦੀ ਅਪੀਲ ਕੀਤੀ।
ਆਗੂਆਂ ਨੇ ਕਿਹਾ ਕਿ 2017 ਦੀ ਵਿਧਾਨ ਸਭਾ ਚੋਣ ਵੇਲੇ ਅਤੇ 2018 ਦੀ ਜ਼ਿਮਨੀ ਚੋਣ ਵੇਲੇ ‘ਆਪ’ ਲੀਡਰਸ਼ਿਪ ਨੂੰ ਗਲਤ ਜਾਣਕਾਰੀ ਦੇ ਕੇ ਧੋਖੇ ਵਿਚ ਰੱਖਿਆ ਗਿਆ ਅਤੇ ਗਲਤ ਉਮੀਦਵਾਰਾਂ ਦੀ ਚੋਣ ਕਰਵਾਈ ਗਈ ਜਿਸ ਦਾ ਖਮਿਆਜਾ ਵਲੰਟੀਅਰਾਂ ਨੂੰ ਭੁਗਤਣਾ ਪਿਆ। ਪੰਜਾਬ ਵਿਚ ਚੱਲ ਰਹੀ ‘ਆਪ’ ਦੀ ਲਹਿਰ ਨੂੰ ਹਲਕਾ ਸ਼ਾਹਕੋਟ ਦੇ ਇੰਚਾਰਜਾਂ ਤੇ ਉਮੀਦਵਾਰਾਂ ਨੇ ਕਮਜੋਰ ਕਰ ਦਿੱਤਾ ਸੀ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਜਿਮਨੀ ਚੋਣ ‘ਚ ‘ਆਪ’ ਉਮੀਦਵਾਰ ਨੂੰ ਬਹੁਤ ਘੱਟ ਵੋਟਾਂ ਪਈਆਂ ਅਤੇ ਜਮਾਨਤ ਜਬਤ ਹੋ ਗਈ। ਇਸ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਹਲਕਾ ਸ਼ਾਹਕੋਟ ਦੇ ‘ਆਪ’ ਵਰਕਰ ਲੀਡਰਸ਼ਿਪ ਦੇ ਫੈਸਲੇ ਤੋਂ ਨਾਖੁਸ਼ ਸਨ।
ਆਗੂਆਂ ਨੇ ਕਿਹਾ ਕਿ ਹਲਕੇ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਦੁਖੀ ਹਨ ਤੇ ਇਕ ਚੰਗਾ ਰਾਜਨੀਤਕ ਬਦਲ ਚਾਹੁੰਦੇ ਹਨ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਪਰ ਲੀਡਰਸ਼ਿਪ ਦੁਬਾਰਾ ਪੁਰਾਣੀਆਂ ਗਲਤੀਆਂ ਨੂੰ ਦੁਹਰਾ ਰਹੀ ਹੈ। ਉਨ੍ਹਾਂ ਕਿਹਾ ਕਿ ਰਤਨ ਸਿੰਘ ਕਾਕੜ ਕਲਾਂ ਹਲਕਾ ਸ਼ਾਹਕੋਟ ਦੇ ਬਜ਼ੁਰਗ ਤੇ ਸਤਿਕਾਰਯੋਗ ਆਗੂ ਹਨ ਪਰ ਹਲਕੇ ਦਾ ਇੰਚਾਰਜ ਜਮੀਨੀ ਪੱਧਰ ‘ਤੇ ਜੁੜੇ ਹੋਏ ਆਗੂ ਨੂੰ ਲਗਾਉਣਾ ਚਾਹੀਦਾ ਹੈ ਜੋ ਤੇਜ-ਤਰਾਰ, ਸਿਆਸੀ ਸੂਝ ਬੂਝ ਵਾਲਾ, ਹਲਕੇ ਦੀ ਚੰਗੀ ਨੁਮਾਇੰਦਗੀ ਕਰਦਾ ਹੋਵੇ ਤੇ ਵਰਕਰਾਂ ਵਿਚ ਜੋਸ਼ ਭਰਦਾ ਹੋਵੇ। ਇਸਦੇ ਨਾਲ ਹੀ ਉਹ ਸਾਰੇ ਵਰਗਾਂ ਦਾ ਪਸੰਦੀਦਾ ਤੇ ਆਪਣੀ ਨਿੱਜੀ ਵੋਟ ਰੱਖਣ ਵਾਲਾ ਵੀ ਹੋਣਾ ਚਾਹੀਦਾ ਹੈ। ਆਗੂਆਂ ਨੇ ‘ਆਪ’ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਸ਼ਾਹਕੋਟ ‘ਚ ‘ਆਪ’ ਦੀ ਲਹਿਰ ਨੂੰ ਕਾਇਮ ਰੱਖਣ ਲਈ ਹਲਕਾ ਇੰਚਾਰਜ ‘ਤੇ ਦੁਬਾਰਾ ਮੰਥਨ ਕਰਕੇ ਕਿਸੇ ਯੋਗ ਵਿਅਕਤੀ ਨੂੰ ਇਸ ਦੀ ਜਿੰਮੇਵਾਰੀ ਦਿੱਤੀ ਜਾਵੇ।
ਇਸ ਮੌਕੇ ਸੰਤੋਖ ਸਿੰਘ ਸਿੰਘਪੁਰ ਜੁਆਇੰਟ ਸੈਕਟਰੀ ਐੱਸਸੀ ਵਿੰਗ, ਸੀਨੀਅਰ ਆਗੂ ਜਸਵਿੰਦਰ ਸਿੰਘ ਮਲਸੀਆਂ, ਯੂਥ ਆਗੂ ਹਰਦੀਪ ਸਿੰਘ ਬਾਂਗੀਵਾਲ, ਤਰਸੇਮ ਸਿੰਘ ਸ਼ੇਖੇਵਾਲ, ਸਰਬਜੀਤ ਸਿੰਘ, ਬਲਦੇਵ ਸਿੰਘ, ਇੰਦਰਜੀਤ ਸਿੰਘ, ਜਗਪਾਲ ਸਿੰਘ ਬਾਲੋਕੀ, ਨਵਦੀਪ ਮਹੇ, ਪਰਮਜੀਤ ਸਿੰਘ ਉਧੋਵਾਲ, ਬਖਸ਼ੀਸ਼ ਸਿੰਘ, ਬਲਵਿੰਦਰ ਸਿੰਘ ਮਲਸੀਆਂ, ਪਵਨ ਕੰਨੀਆਂ ਖੁਰਦ ਸਮੇਤ ਵੱਡੀ ਗਿਣਤੀ ‘ਚ ਵਲੰਟੀਅਰ ਹਾਜ਼ਰ ਸਨ।