ਸ਼ਾਹਕੋਟ : ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ। ਜਿਸ ਤਹਿਤ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਰਤਨ ਸਿੰਘ ਕਾਕੜ ਕਲਾਂ ਨੂੰ ਪਾਰਟੀ ਹਾਈਕਮਾਂਡ ਨੇ ਇੰਚਾਰਜ ਨਿਯੁਕਤ ਕੀਤਾ ਹੈ। ਕਾਕੜ ਕਲਾਂ ਦੇ ਸਨਮਾਨ ਵਿਚ ਦਾਣਾ ਮੰਡੀ ਸ਼ਾਹਕੋਟ ਵਿਖੇ ਪਾਰਟੀ ਆਗੂ ਤੇ ਵਰਕਰਾਂ ਵੱਲੋਂ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਪੰਜਾਬ ਪ੍ਰਧਾਨ ਰਾਜਵਿੰਦਰ ਕੌਰ, ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਫਿਲੌਰ ਆਦਿ ਆਗੂਆਂ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸੰਬੋਧਨ ਕਰਦਿਆਂ ਰਾਜਵਿੰਦਰ ਕੌਰ ਤੇ ਪ੍ਰੇਮ ਕੁਮਾਰ ਨੇ ਕਿਹਾ ਕਿ ਪੰਜਾਬ ਸੂਬਾ ਅੱਜ ਮੁੱਦਿਆਂ ਨਾਲ ਘਿਰਿਆ ਪਿਆ ਹੈ, ਕਿਉਂਕਿ ਪੰਜਾਬ ਵਿਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਸ ਵਿਚ ਮਿਲ ਕੇ 5-5 ਸਾਲ ਰਾਜ ਕਰਨ ਦਾ ਫੈਸਲਾ ਕੀਤਾ ਹੈ ਤੇ ਸੂਬਾ ਵਾਸੀਆਂ ਨੂੰ ਸੁੱਖ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਨਾਲ ਖੇਡਾਂ ਖੇਡ ਕੇ ਕੇਵਲ ਮੁੱਦੇ ਹੀ ਖੜ੍ਹੇ ਕੀਤੇ ਹਨ। ਉਨ੍ਹਾਂ ਕਾਂਗਰਸ 'ਤੇ ਵਰਦਿਆਂ ਕਿਹਾ ਕਿ ਨਵਜੋਤ ਸਿੱਧੂ ਪਹਿਲਾ ਕਾਂਗਰਸ ਦਾ ਵਿਰੋਧੀ ਸੀ ਅਤੇ ਲੋਕ ਹਿੱਤਾਂ ਲਈ ਲੜਦਾ ਸੀ, ਪਰ ਹੁਣ ਪ੍ਰਧਾਨ ਬਣਨ ਤੋਂ ਬਾਅਦ ਉਹ ਜਿਨਾਂ ਦਾ ਵਿਰੋਧ ਕਰਦਾ ਸੀ, ਉਨ੍ਹਾਂ ਦੇ ਘਰਾਂ ਵਿਚ ਘੁੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਮੁੜ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕਰਨਾ ਚਾਹੁੰਦਾ ਹੈ, ਜਦਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਲੋਕਾਂ ਨੂੰ ਉਹ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ, ਜਿਨਾਂ ਦੀ ਉਨ੍ਹਾਂ ਨੂੰ ਜਰੂਰਤ ਹੈ। 2022 ਦੀਆਂ ਚੋਣਾਂ 'ਚ ਲੋਕ ਕਾਂਗਰਸ ਅਤੇ ਅਕਾਲੀ ਦਲ ਨੂੰ ਮੂੰਹ ਤੱਕ ਨਹੀਂ ਲਗਾਉਣਗੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਰਤਨ ਸਿੰਘ ਕਾਕੜ ਕਲਾਂ ਦਾ ਸਾਥ ਦੇਣ ਤੇ ਉਨ੍ਹਾਂ ਦੇ ਹੱਕ ਵਿਚ ਵੋਟਾਂ ਪਾਉਣ ਦੀ ਵੀ ਅਪੀਲ ਕੀਤੀ।
ਇਸ ਮੌਕੇ ਰਤਨ ਸਿੰਘ ਕਾਕੜ ਕਲਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਨੂੰ ਹਰਜਿੰਦਰ ਸਿੰਘ ਸੀਚੇਵਾਲ ਸੂਬਾ ਮੀਤ ਪ੍ਰਧਾਨ ਬੀਸੀ ਵਿੰਗ ਪੰਜਾਬ, ਕੁਲਦੀਪ ਸਿੰਘ ਦੀਦ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਅੰਤ ਵਿਚ ਆਗੂਆਂ ਵੱਲੋਂ ਪਾਰਟੀ ਦੇ ਸਰਗਰਮ ਆਗੂਆਂ ਤੇ ਵਲੰਟੀਅਰਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਹਰਚਰਨ ਸਿੰਘ ਸੰਧੂ ਉਪ ਪ੍ਰਧਾਨ ਜਲੰਧਰ, ਸੁਭਾਸ਼ ਸ਼ਰਮਾ ਜਨਰਲ ਸਕੱਤਰ, ਵਰੁਣ ਸਾਜਨ, ਸਤਨਾਮ ਸਿੰਘ, ਗੁਰਪ੍ਰੀਤ ਕੌਰ ਵਾਈਸ ਪ੍ਰਧਾਨ ਮਹਿਲਾ ਵਿੰਗ, ਸੀਮਾ ਵਡਾਲਾ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਜਲੰਧਰ, ਡਾ. ਸੰਜੀਵ ਸ਼ਰਮਾ, ਸਿਮਰਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਸ਼ਾਹਕੋਟ, ਜਸਕਰਨ ਸਿੰਘ ਸੋਸ਼ਲ ਮੀਡੀਆਂ ਕੋਆਰਡੀਨੇਟਰ ਦੋਆਬਾ ਜ਼ੋਨ, ਐਡਵੋਕੇਟ ਪਰਮਪ੍ਰੀਤ ਸਿੰਘ ਇੰਚਾਰਜ ਲੀਗਲ ਵਿੰਗ, ਰੂਪ ਲਾਲ ਸ਼ਰਮਾ ਸੀਨੀਅਰ ਆਗੂ, ਮਨੋਜ ਅਰੋੜਾ ਸਰਕਲ ਇੰਚਾਰਜ, ਨਵਨੀਤ ਸਿੰਘ ਸਰਕਲ ਇੰਚਾਰਜ, ਬਾਬਾ ਗੱਜਣ ਸਿੰਘ, ਸੰਤੋਖ ਸਿੰਘ ਸ਼ਾਹਕੋਟ, ਕੇਵਲ ਕ੍ਰਿਸ਼ਨ ਮੱਟੂ, ਲਖਬੀਰ ਸਿੰਘ, ਅੰਮ੍ਰਿਤਪਾਲ ਸਿੰਘ, ਬਾਬਾ ਸੁਖਦੇਵ ਸਿੰਘ, ਪਰਮਜੀਤ ਸਿੰਘ ਸਰਕਲ ਇੰਚਾਰਜ, ਸੁਖਦੇਵ ਸਿੰਘ ਸੈਦਪੁਰ, ਅਜੈਬ ਸਿੰਘ, ਸੰਦੀਪ ਸਿੰਘ ਪਿੱਪਲੀ, ਗੁਰਦੇਵ ਸਿੰਘ ਪਿੱਪਲੀ, ਅਜ਼ਾਦਵੀਰ ਸਿੰਘ ਜੰਮੂ, ਸੁਖਬੀਰ ਸਿੰਘ ਤਲਵਾੜ, ਰਣਜੀਤ ਸਿੰਘ ਰਾਣਾ, ਪੂਰਨ ਸਿੰਘ ਢੇਸੀ, ਬਲਜੀਤ ਸਿੰਘ ਬਲਾਕ ਪ੍ਰਧਾਨ, ਬਲਵੀਰ ਸਿੰਘ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ।