ਸ਼ਾਹਕੋਟ, (ਪੱਤਰ ਪ੍ਰੇਰਕ): 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ 100 ਦਿਨਾਂ ਦੌਰੇ 'ਤੇ ਨਿਕਲੇ ਹੋਏ ਹਨ, ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਲੀਡਰ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਵੱਲੋਂ ਸਾਬਕਾ ਕੈਬਨਿਟ ਮੰਤਰੀ ਮਰਹੂਮ ਜਥੇ. ਅਜੀਤ ਸਿੰਘ ਕੋਹਾੜ ਦੇ ਗ੍ਰਹਿ ਵਿਖੇ ਹਲਕਾ ਸ਼ਾਹਕੋਟ ਦੇ ਇੰਚਾਰਜ ਬਚਿੱਤਰ ਸਿੰਘ ਕੋਹਾੜ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਮਜੀਠੀਆ ਨੇ ਪਾਰਟੀ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਇਹ ਸਪੱਸ਼ਟ ਕੀਤਾ ਕਿ ਪਾਰਟੀ ਕੋਹਾੜ ਪਰਿਵਾਰ ਵੱਲੋਂ ਪਾਰਟੀ ਪ੍ਰਤੀ ਦਿੱਤੀਆਂ ਸੇਵਾਵਾਂ ਲਈ ਹਮੇਸ਼ਾ ਰਿਣੀ ਰਹੇਗੀ। ਮਜੀਠੀਆ ਵੱਲੋਂ ਕੋਹਾੜ ਪਰਿਵਾਰ ਨਾਲ ਦੁਪਹਿਰ ਦਾ ਖਾਣਾ ਖਾਧਾ ਗਿਆ ਅਤੇ ਨਿੱਜੀ ਤੌਰ' ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮਜੀਠੀਆ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੇਰੀ ਖੁਦ ਦੀ ਟਿਕਟ ਦੇ ਐਲਾਨ ਤੋਂ ਪਹਿਲਾਂ ਬਚਿੱਤਰ ਸਿੰਘ ਕੋਹਾੜ ਦੀ ਟਿਕਟ ਐਲਾਨੀ ਜਾਵੇਗੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਖਬਾਰਾਂ ਵਿਚਲੀਆਂ ਅਫਵਾਹਾਂ 'ਤੇ ਗੌਰ ਨਾ ਕਰਨ ਜੋ ਕੁਝ ਅਕਾਲੀ ਲੀਡਰਾਂ ਵੱਲੋਂ ਟਿਕਟ ਮਿਲਣ ਸਬੰਧੀ ਪ੍ਰਕਾਸ਼ਿਤ ਕਰਵਾਈਆਂ ਗਈਆਂ ਹਨ।
ਇਸ ਮੌਕੇ ਸ਼ਾਹਕੋਟ ਤੋਂ ਰਾਹੁਲ ਪੰਡਿਤ ਆਪਣੇ ਕੁਝ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ। ਇਸ ਤੋਂ ਬਾਅਦ ਮਜੀਠੀਆ ਜਥੇ. ਅਜੀਤ ਸਿੰਘ ਕੋਹਾੜ ਦੀ ਯਾਦਗਾਰ 'ਤੇ ਫੁੱਲ ਭੇਂਟ ਕਰਨ ਵੀ ਗਏ। ਗੌਰਤਲਬ ਹੈ ਕਿ ਬਚਿੱਤਰ ਸਿੰਘ ਕੋਹਾੜ ਅਤੇ ਬਿਕਰਮ ਸਿੰਘ ਮਜੀਠੀਆ ਦੀ ਬਹੁਤ ਨੇੜਤਾ ਹੈ। ਜਥੇ. ਅਜੀਤ ਸਿੰਘ ਕੋਹਾੜ ਦੇ ਅਕਾਲ ਚਲਾਣੇ ਤੋਂ ਬਾਅਦ ਮਜੀਠੀਆ ਨੇ ਬਚਿੱਤਰ ਸਿੰਘ ਕੋਹਾੜ ਨੂੰ ਆਪਣੀ ਸਰਪ੍ਰਸਤੀ ਹੇਠ ਸਿਆਸਤ ਵਿਚ ਤੋਰਿਆ ਹੈ। ਸੁਭਾਵਿਕ ਹੈ ਕਿ ਬਚਿੱਤਰ ਸਿੰਘ ਕੋਹਾੜ ਦੀ ਗਿਣਤੀ ਵੀ ਬਾਦਲ ਪਰਿਵਾਰ ਅਤੇ ਮਜੀਠੀਆ ਪਰਿਵਾਰ ਦੇ ਨੇੜਲੇ ਸਿਆਸਤਦਾਨਾਂ ਵਿਚ ਹੁੰਦੀ ਹੈ।
ਇਸ ਮੌਕੇ ਨਾਇਬ ਸਿੰਘ ਕੋਹਾੜ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਜਥੇ. ਚਰਨ ਸਿੰਘ, ਮਹਿਤਪੁਰ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਕਾਹਲੋਂ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਤੇਜਾ ਸਿੰਘ ਮਾਣਕਪੁਰ, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਕਲਿਆਣ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਬਿੱਲੀ ਚੁਹਾਰਮੀ, ਜਸਬੀਰ ਸਿੰਘ ਛਾਬੜਾ, ਸਲਾਹਕਾਰ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਢੋਟ, ਜਸਵਿੰਦਰ ਸਿੰਘ ਪੋਪਲੀ, ਸੁਰਿੰਦਰ ਸਿੰਘ ਕਾਲਾ, ਸਵਰਨ ਸਿੰਘ ਡੱਬ ਸਾਬਕਾ ਐੱਮਸੀ, ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਿਮਰਤਪਾਲ ਸਿੰਘ ਢੋਟ, ਅਰਵਿੰਦਰ ਸਿੰਘ ਖਹਿਰਾ, ਜੀਵਨ ਸਿੰਘ ਸਾਰੰਗਵਾਲ, ਰਣਵੀਰ ਸਿੰਘ, ਰਣਧੀਰ ਸਿੰਘ ਰਾਣਾ ਸ਼ਹਿਰੀ ਪ੍ਰਧਾਨ, ਅਮਰੀਕ ਸਿੰਘ ਮਠਾੜੂ, ਦਲਬੀਰ ਸਿੰਘ ਸੱਭਰਵਾਲ, ਐੱਮਸੀ ਮਨਜੀਤ ਸਿੰਘ ਲੋਹੀਆਂ ਸਮੇਤ ਵੱਡੀ ਗਿਣਤੀ ‘ਚ ਅਕਾਲੀ ਵਰਕਰ ਹਾਜ਼ਰ ਸਨ।