ਬਰਨਾਲਾ : ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਦੀ ਇਕ ਆਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਇਕ ਵਿਅਕਤੀ ਨੂੰ ਗਾਲਾਂ ਕੱਢਦੇ ਸੁਣਾਈ ਦੇ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਆਵਾਜ਼ ਪਿਰਮਲ ਸਿੰਘ ਦੀ ਨਹੀਂ ਹੈ ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਗਾਲਾਂ ਪਿਰਮਲ ਸਿੰਘ ਨੇ ਹੀ ਕੱਢੀਆਂ ਹਨ।
ਦੱਸਣਯੋਗ ਹੈ ਕਿ ਪਿਰਮਲ ਸਿੰਘ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤ ਕੇ ਵਿਧਾਇਕ ਬਣੇ ਸਨ ਤੇ ਕੁਝ ਸਮਾਂ ਪਹਿਲਾਂ ਹਲਕਾ ਭੁੱਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਨਾਲ ਕਾਂਗਰਸ 'ਚ ਸ਼ਾਮਲ ਹੋ ਗਏ ਸਨ।
ਵਿਧਾਇਕ ਪਿਰਮਲ ਸਿੰਘ ਧੌਲਾ ਨੇ ਇਸ ਆਡੀਓ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਆਵਾਜ਼ ਉਨ੍ਹਾਂ ਦੀ ਹੀ ਹੈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਉਨ੍ਹਾਂ ਨਾਲ ਗਲਤ ਤਰੀਕੇ ਨਾਲ ਪੇਸ਼ ਆ ਰਿਹਾ ਸੀ, ਜਿਸ ਦਾ ਜਵਾਬ ਦੇਣਾ ਬਣਦਾ ਸੀ। ਮੰਗਲਵਾਰ ਸ਼ਾਮ ਨੂੰ ਇਹ ਫੋਨ ਆਇਆ ਸੀ, ਜਿਸ 'ਚ ਵਿਅਕਤੀ ਆਪਣਾ ਨਾਮ ਜੱਗਾ ਸਿੰਘ ਤੇ ਪਿੰਡ ਦਰਾਜ ਦੱਸ ਰਿਹਾ ਸੀ। ਉਹ ਬਠਿੰਡੇ ਦੇ ਨੇੜੇ ਤੇੜੇ ਦਾ ਰਹਿਣ ਵਾਲਾ ਹੈ। ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਆਮ ਆਦਮੀ ਪਾਰਟੀ ਤੋਂ ਕਾਂਗਰਸ 'ਚ ਸ਼ਾਮਲ ਹੋਣ ‘ਤੇ ਜਦੋਂ ਭਦੌੜ ਹਲਕੇ ਦੇ ਲੋਕਾਂ ਨੂੰ ਇਤਰਾਜ਼ ਨਹੀਂ ਹੈ ਤਾਂ ਬਾਹਰਲੇ ਕੌਣ ਹੁੰਦੇ ਹਨ, ਇਤਰਾਜ਼ ਕਰਨ ਵਾਲੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਉਕਤ ਵਿਅਕਤੀ ਦੀ ਭਾਲ ਕਰਕੇ ਉਸ 'ਤੇ ਕਾਰਵਾਈ ਕੀਤੀ ਜਾਵੇਗੀ।