ਸਰੀ, ਕੈਨੇਡਾ (ਸਿਮਰਨਜੀਤ ਸਿੰਘ ਲਵਲੀ) : ਕੈਨੇਡਾ ਦੀਆਂ 44ਵੀਂ ਫੈਡਰਲ ਚੋਣਾਂ ਵਿਚ ਲਿਬਰਲ ਪਾਰਟੀ ਦੀ ਅਗਵਾਈ ਹੇਠ ਘੱਟ ਗਿਣਤੀ ਸਰਕਾਰ ਬਣੇਗੀ, ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਲਿਬਰਲ ਪਾਰਟੀ 158 ਸੀਟਾਂ ਲਿਜਾ ਰਹੀ ਹੈ ਪਰ ਬਹੁਮਤ ਲਈ ਚਾਹੀਦੀਆਂ 170 ਸੀਟਾਂ ਦੇ ਅੰਕੜੇ ਤੋਂ ਹਾਲੇ ਵੀ ਪਿੱਛੇ ਹੈ। ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ 47 ਉਮੀਦਵਾਰਾਂ ਨੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਲੜੀ ਸੀ ਤੇ 15 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ।
ਲਿਬਰਲ ਪਾਰਟੀ ਨੇ ਸਾਰਿਆਂ ਤੋਂ ਵੱਧ 17 ਪੰਜਾਬੀ ਮੂਲ ਦੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ ਤੇ ਉਨ੍ਹਾਂ 'ਚੋਂ 12 ਨੇ ਜਿੱਤ ਦਰਜ ਕੀਤੀ ਹੈ। ਕੰਜਰਵੇਟਿਵ ਵੱਲੋਂ 13 ਨੇ ਚੋਣ ਲੜੀ ਸੀ ਅਤੇ 2 ਜਿੱਤੇ ਹਨ। ਐਨਡੀਪੀ ਵੱਲੋਂ 10 ਪੰਜਾਬੀਆਂ ਨੇ ਚੋਣ ਲੜੀ ਸੀ ਅਤੇ ਇਕ ਜਿੱਤਿਆ ਹੈ। ਪਿਛਲੀ ਵਾਰ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਦੀ ਗਿਣਤੀ 19 ਸੀ। ਜਿੱਤਣ ਵਾਲੇ ਉਮੀਦਵਾਰਾ ਵਿਚ ਹਰਜੀਤ ਸਿੰਘ ਸੱਜਣ, ਜਗਮੀਤ ਸਿੰਘ, ਬਰਦੀਸ਼ ਚੱਗਰ, ਜਸਰਾਜ ਹੱਲਣ, ਟਿਮ ਉੱਪਲ, ਅਨੀਤਾ ਆਨੰਦ, ਸੁੱਖ ਧਾਲੀਵਾਲ, ਰੂਬੀ ਸਹੋਤਾ, ਸੋਨੀਆ ਸਿੱਧੂ, ਮਨਿੰਦਰ ਸਿੱਧੂ, ਕਮਲ ਖਹਿਰਾ, ਅੰਜੂ ਢਿੱਲੋਂ, ਰਣਦੀਪ ਸਰਾਏ, ਪਰਮ ਬੈਂਸ, ਇਕਵਿੰਦਰ ਗਹੀਰ ਅਤੇ ਜੌਰਜ ਚਾਹਲ ਦੇ ਨਾਮ ਸ਼ਾਮਲ ਹਨ।
ਇਸ ਤੋਂ ਇਲਾਵਾ ਮਾਰਖਮ-ਯੁਨੀਅਨਵਿਲ ਤੋਂ ਲਗਾਤਾਰ ਜਿੱਤ ਰਹੇ ਕੰਜਰਵੇਟਿਵ ਉਮੀਦਵਾਰ ਬੌਬ ਸਰੋਆ ਚੋਣ ਹਾਰ ਗਏ ਹਨ। ਕਿਚਨਰ ਤੋਂ ਲਿਬਰਲ ਉਮੀਦਵਾਰ ਰਾਜ ਸੈਣੀ ਨੇ ਆਪਣੇ ਉੱਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੋਸ਼ਾਂ ਕਰਕੇ ਆਪਣਾ ਚੋਣ ਪ੍ਰਚਾਰ ਰੋਕ ਦਿੱਤਾ ਸੀ ਅਤੇ ਬਰੈਂਪਟਨ ਸੈਂਟਰ ਤੋਂ ਰਮੇਸ਼ ਸੰਘਾ ਨੂੰ ਲਿਬਰਲ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਸ਼ਫਕਤ ਅਲੀ ਨੂੰ ਟਿਕਟ ਦਿੱਤੀ ਸੀ।