ਸ਼ਾਹਕੋਟ, (ਐੱਮ.ਜੇ ਸਿੰਘ) : ਸ਼੍ਰੋਮਣੀ ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਦਾ ਵਿਰੋਧ ਕਰਦਿਆਂ ਦਿੱਲੀ ਵਿਖੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਪੈਦਲ ਮਾਰਚ ਕਰ ਕੇ ਪਾਰਲੀਮੈਂਟ ਨੂੰ ਘੇਰਨ ਦਾ ਪ੍ਰੋਗਰਾਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉਲੀਕਿਆ ਗਿਆ ਹੈ। ਇਸ ਸਬੰਧੀ ਪਾਰਟੀ ਦੀ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਅਤੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਮਰਜੀਤ ਸਿੰਘ ਥਿੰਦ ਵੱਲੋਂ ਪਾਰਟੀ ਆਗੂਆਂ ਦੀ ਮੀਟਿੰਗ ਸੱਦੀ ਗਈ, ਜਿਸ ਵਿਚ ਉਨ੍ਹਾਂ ਨੇ ਹਲਕਾ ਸ਼ਾਹਕੋਟ ਤੋਂ ਵੱਧ ਤੋਂ ਵੱਧ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਦਿੱਲੀ ਪੁੱਜਣ ਦੀ ਅਪੀਲ ਕੀਤੀ ਤੇ ਜ਼ਿੰਮੇਵਾਰੀਆਂ ਲਾਈਆਂ।
ਡਾ. ਅਮਰਜੀਤ ਸਿੰਘ ਥਿੰਦ ਨੇ ਦੱਸਿਆ ਕਿ 17 ਸਤੰਬਰ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਨੂੰ ਲਾਗੂ ਕੀਤੇ ਹੋਏ ਲਗਭਗ ਇਕ ਸਾਲ ਹੋ ਜਾਵੇਗਾ, ਜਿਸ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵਿਰੋਧ ਨੂੰ ਹੋਰ ਤੇਜ਼ ਕਰਦਿਆਂ ਦਿੱਲੀ ਵਿਖੇ ਵੱਡਾ ਮਾਰਚ ਕਰਨ ਜਾ ਰਿਹਾ ਹੈ। ਇਸ ਵਿਚ ਹਲਕਾ ਸ਼ਾਹਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਧ ਤੋਂ ਵੱਧ ਵੱਡੀ ਗਿਣਤੀ ਵਿਚ ਪਹੁੰਚਣਗੇ।
ਇਸ ਮੌਕੇ ਰਮੇਸ਼ ਵਰਮਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ, ਬਲਜਿੰਦਰ ਸਿੰਘ ਕੰਗ ਮੈਂਬਰ ਵਰਕਿੰਗ ਕਮੇਟੀ, ਜਸਬੀਰ ਸਿੰਘ ਭੱਦਮਾ ਬੀਸੀ ਵਿੰਗ ਪ੍ਰਧਾਨ ਹਲਕਾ ਸ਼ਾਹਕੋਟ, ਹਰਜਿੰਦਰ ਸਿੰਘ ਮੱਲੀਵਾਲ ਪ੍ਰਧਾਨ ਬੀਸੀ ਵਿੰਗ ਸਰਕਲ ਦੋਨਾਂ, ਬਲਜੀਤ ਸਿੰਘ ਬੱਲੀ ਪ੍ਰਧਾਨ ਬੀਸੀ ਵਿੰਗ ਸਰਕਲ ਮਹਿਤਪੁਰ, ਜਰਨੈਲ ਸਿੰਘ ਲਾਲੀ ਪ੍ਰਧਾਨ ਬੀਸੀ ਵਿੰਗ ਸ਼ਾਹਕੋਟ ਸ਼ਹਿਰੀ, ਗੁਰਨਾਮ ਸਿੰਘ ਸਾਦਾਂ ਪ੍ਰਧਾਨ ਬੀਸੀ ਵਿੰਗ ਸ਼ਾਹਕੋਟ, ਸੁਖਵੰਤ ਸਿੰਘ ਰੋਲੀ, ਨਛੱਤਰ ਸਿੰਘ ਚੇਅਰਮੈਨ ਲੈਂਡ ਮਾਰਕ ਬੈਂਕ ਮਹਿਸਮਪੁਰ, ਜੋਗਿੰਦਰ ਸਿੰਘ ਮਠਾੜੂ, ਮੰਗਤ ਰਾਮ ਸਰਪੰਚ, ਗੁਰਜੀਤ ਸਿੰਘ ਭੱਦਮਾ, ਕਮਲਪ੍ਰੀਤ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ ਥਿੰਦ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਰੋਲੀ ਆਦਿ ਹਾਜ਼ਰ ਸਨ।