ਹਰੇਕ ਸ਼ੁੱਕਰਵਾਰ ਸਵੇਰੇ 10 ਤੋਂ 2 ਵਜੇ ਤੱਕ ਮਰੀਜ ਦੀ ਐੱਸਐੱਮਓ ਵੱਲੋਂ ਕੀਤੀ ਜਾਵੇਗੀ ਜਾਂਚ
ਸ਼ਾਹਕੋਟ, (ਐੱਮ.ਜੇ ਸਿੰਘ) : ਕੋਵਿਡ ਤੋਂ ਬਾਅਦ, ਸ਼ੂਗਰ ਅਤੇ ਬੀਪੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਹੋਇਆ ਹੈ। ਨਾਲ ਹੀ, ਬਹੁਤ ਸਾਰੇ ਅਜਿਹੇ ਮਰੀਜ਼ ਹਨ, ਜਿਨ੍ਹਾਂ ਨੂੰ ਇਹ ਸਮੱਸਿਆਵਾਂ ਹਨ, ਪਰ ਟੈਸਟ ਕਰਵਾਉਣ ਲਈ ਨਹੀਂ ਜਾਂਦੇ। ਅਜਿਹੇ ਮਰੀਜ਼ਾਂ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ ਸਹੀ ਦਵਾਈਆਂ ਦੇਣ ਦੇ ਮਕਸਦ ਨਾਲ ਸੀਐਚਸੀ ਸ਼ਾਹਕੋਟ ਵਿਖੇ ਨਾਨ-ਕਮਿਊਨੀਕੇਬਲ ਡਿਜੀਜ ਕੰਟਰੋਲ ਕਲੀਨਿਕ (ਐਨਸੀਡੀ ਕਲੀਨਿਕ) ਸ਼ੁਰੂ ਕੀਤਾ ਜਾ ਰਿਹਾ ਹੈ। ਹਰ ਸ਼ੁੱਕਰਵਾਰ ਨੂੰ ਚਲਾਏ ਜਾਣ ਵਾਲੇ ਇਸ ਕਲੀਨਿਕ ਵਿਚ ਸੀਐਚਸੀ ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਖੁਦ ਮਰੀਜ਼ਾਂ ਦੀ ਜਾਂਚ ਕਰਨਗੇ। ਸੀਐਚਸੀ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਕਲੀਨਿਕ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਇੱਕ ਵਿਲੱਖਣ ਕਦਮ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਲਗਾਏ ਗਏ ਲਾਕਡਾਊਨ ਤੇ ਕੋਰੋਨਾ ਦੀ ਲਾਗ ਦੇ ਡਰ ਕਾਰਨ ਸ਼ੂਗਰ ਤੇ ਬੀਪੀ ਤੋਂ ਪੀੜਤ ਮਰੀਜ਼ਾਂ ਨੇ ਸਥਾਨਕ ਦਵਾਈਆਂ ਦੀਆਂ ਦੁਕਾਨਾਂ ਜਾਂ ਘੱਟ ਸਿਖਲਾਈ ਪ੍ਰਾਪਤ ਡਾਕਟਰਾਂ ਤੋਂ ਦਵਾਈਆਂ ਲੈਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਉਨ੍ਹਾਂ ਦੀ ਬੀਮਾਰੀ ਕਾਬੂ ਤੋਂ ਬਾਹਰ ਹੁੰਦੀ ਗਈ। ਇਸ ਤੋਂ ਇਲਾਵਾ, ਕੋਵਿਡ ਨਾਲ ਸੰਕਰਮਤ ਹੋਏ ਲੋਕਾਂ ਵਿਚ ਵੀ ਇਨ੍ਹਾਂ ਬੀਮਾਰੀਆਂ ਦੇ ਲੱਛਣ ਦਿਖ ਰਹੇ ਹਨ। ਅਜਿਹੀ ਸਥਿਤੀ ਵਿਚ, ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਇਨ੍ਹਾਂ ਮਰੀਜ਼ਾਂ ਦੀ ਪਛਾਣ ਕਰਨ ਤੇ ਦਵਾਈਆਂ ਦਾ ਨਿਯਮਤ ਪ੍ਰਬੰਧ ਕਰਨ ਲਈ ਇਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਪਿੰਡ ਪੱਧਰ 'ਤੇ ਆਸ਼ਾ ਵਰਕਰ ਸ਼ੱਕੀ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਸ ਐਨਸੀਡੀ ਕਲੀਨਿਕ ‘ਚ ਭੇਜਣਗੇ। ਇੱਥੇ ਪੂਰੀ ਜਾਂਚ ਤੋਂ ਬਾਅਦ ਉਨ੍ਹਾਂ ਦੀ ਦਵਾਈ ਸ਼ੁਰੂ ਕੀਤੀ ਜਾਵੇਗੀ।
ਐਨਸੀਡੀ ਕਲੀਨਿਕ ਦੇ ਕੰਮਕਾਜ ਬਾਰੇ ਜਾਣਕਾਰੀ ਦਿੰਦਿਆਂ ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਹਰ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕਮਰਾ ਨੰਬਰ 1 ਵਿਚ ਇਹ ਓਪੀਡੀ ਚੱਲੇਗੀ। ਐਸਐਮਓ ਡਾ. ਦੁੱਗਲ ਖੁਦ ਮਰੀਜ਼ਾਂ ਦੀ ਜਾਂਚ ਕਰਨਗੇ। ਇਥੇ ਜਾਂਚ ਕਰਨ ਤੋਂ ਬਾਅਦ ਮਰੀਜ ਦਾ ਬੀਪੀ ਪਾਸਪੋਰਟ ਬਣਾਇਆ ਜਾਵੇਗਾ। ਇਹ ਪਾਸਪੋਰਟ (ਕਾਰਡ) ਐਪ ਅਧਾਰਤ ਹੈ ਜਿਸ ਵਿਚ ਮਰੀਜ਼ ਦੀ ਬਿਮਾਰੀ, ਜਾਂਚ ਦੀ ਮਿਤੀ, ਡਾਕਟਰ ਨੂੰ ਦਿਖਾਉਣ ਦੀ ਮਿਤੀ, ਦਿੱਤੀ ਗਈ ਦਵਾਈ ਦੀ ਮਾਤਰਾ ਅਤੇ ਅਗਲੀ ਵਾਰ ਆਉਣ ਦੀ ਤਾਰੀਖ ਦਰਜ ਕੀਤੀ ਜਾਂਦੀ ਹੈ। ਇਕ ਵਾਰ ਜਦੋਂ ਮਰੀਜ਼ ਦੀ ਸੀਐਚਸੀ ਵਿਚ ਜਾਂਚ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਉਹ ਆਪਣੇ ਨੇੜਲੇ ਸਿਹਤ ਕੇਂਦਰ ਵਿਚ ਟੈਸਟ ਕਰਵਾ ਸਕੇਗਾ ਤੇ ਉੱਥੋਂ ਉਸਨੂੰ ਇਕ ਮਹੀਨੇ ਲਈ ਦਵਾਈ ਵੀ ਦਿੱਤੀ ਜਾਵੇਗੀ।