ਚੰਡੀਗੜ੍ਹ, (ਆਵਾਜ਼ ਬਿਊਰੋ) : ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਨਾਮ ਫਾਈਨਲ ਕਰ ਲਿਆ ਹੈ, ਸਿਰਫ ਐਲਾਨ ਕਰਨਾ ਹੀ ਬਾਕੀ ਹੈ। ਸੂਤਰਾਂ ਅਨੁਸਾਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਮੁੱਖ ਮੰਤਰੀ ਬਣਨਾ ਲਗਭਗ ਤੈਅ ਹੈ। ਇਸ ਤੋਂ ਪਹਿਲਾਂ ਅੰਬਿਕਾ ਸੋਨੀ ਦਾ ਮੁੱਖ ਮੰਤਰੀ ਵਜੋਂ ਨਾਮ ਚੱਲਿਆ ਸੀ ਪਰ ਉਨ੍ਹਾਂ ਇਹ ਅਹੁਦਾ ਲੈਣ ਤੋਂ ਇਨਕਾਰ ਕਰਦਿਆਂ ਕਿਸੇ ਸਿੱਖ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਕਿਹਾ। ਉਨ੍ਹਾਂ ਕਿਹਾ ਕਿ ਅੱਜ ਹੀ ਮੁੱਖ ਮੰਤਰੀ ਦਾ ਐਲਾਨ ਹੋ ਜਾਵੇਗਾ।
ਸੂਤਰਾਂ ਅਨੁਸਾਰ 2 ਵਜੇ ਤੱਕ ਕਾਂਗਰਸ ਹਾਈਕਮਾਨ ਮੁੱਖ ਮੰਤਰੀ ਦਾ ਐਲਾਨ ਕਰ ਦੇਵੇਗੀ। ਉੱਧਰ, ਮੁੱਖ ਮੰਤਰੀ ਅਹੁਦੇ ਦੇ ਮੁੱਖ ਦਾਅਵੇਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਵਿਧਾਇਕਾਂ ਦਾ ਪਹੁੰਚਣਾ ਲਗਾਤਾਰ ਜਾਰੀ ਹੈ। ਇਨ੍ਹਾਂ ਵਿਧਾਇਕਾਂ ਨੇ ਮੀਡੀਆ ਨੂੰ ਦੱਸਿਆ ਕਿ ਹਾਈਕਮਾਨ ਵੱਲੋਂ ਭੇਜੇ ਆਬਜ਼ਰਵਰਾਂ ਨੂੰ ਫੋਨ 'ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਦੀ ਸਲਾਹ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਰੰਧਾਵਾ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ।