ਸ਼ਾਹਕੋਟ, (ਮਿਹਰਜੋਤ ਸਿੰਘ) : ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਸ਼ਾਹਕੋਟ ਹਲਕੇ ਤੋਂ ਟਕਸਾਲੀ ਅਕਾਲੀ ਆਗੂ ਤੇ ਪਿੰਡ ਢੰਡੋਵਾਲ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਚੱਠਾ ਤੇ ਬਲਵਿੰਦਰ ਸਿੰਘ ਚੱਠਾ ਨੇ ਆਪਣੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦਾ ਇਕੱਠ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਟਿਕਟ ਦੀ ਮੰਗ ਕੀਤੀ ਹੈ।
ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਚੱਠਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਅਕਾਲੀ ਦਲ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ। 25 ਸਾਲ ਪਿੰਡ ਢੰਡੋਵਾਲ ਦੀ ਸਰਪੰਚੀ ਕਰਨ ਤੋਂ ਇਲਾਵਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਰਾ ਬਲਵਿੰਦਰ ਸਿੰਘ ਚੱਠਾ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਨ ਲਈ ਹਰ ਸਾਲ ਕਬੱਡੀ ਕੱਪ ਕਰਵਾਉਂਦੇ ਹਨ। ਇਸ ਤੋਂ ਇਲਾਵਾ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਤਰਸਿੰਦਰ ਸਿੰਘ ਰੌਂਤ, ਕੋਆਪ੍ਰੇਟਿਵ ਬੈਂਕ ਜਲੰਧਰ ਦੇ ਸਾਬਕਾ ਐੱਮਡੀ ਕੇਵਲ ਸਿੰਘ ਰੂਪੇਵਾਲੀ, ਸਾਬਕਾ ਬਲਾਕ ਸੰਮਤੀ ਮੈਂਬਰ ਸੋਹਣ ਸਿੰਘ ਖਹਿਰਾ, ਸਾਬਕਾ ਐੱਮਸੀ ਸਵਰਨ ਸਿੰਘ ਡੱਬ, ਯੂਥ ਆਗੂ ਜਸਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਸ਼ਾਹਕੋਟ ਹਲਕੇ ਤੋਂ ਮਜ਼ਬੂਤ ਉਮੀਦਵਾਰ ਨੂੰ ਚੋਣ ਮੈਦਾਨ ‘ਚ ਉਤਾਰਨ ਦੀ ਅਪੀਲ ਕੀਤੀ ਤਾਂ ਜੋ ਇਹ ਸੀਟ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈ ਜਾ ਸਕੇ।
ਸ਼ਾਹਕੋਟ ਹਲਕੇ ਦੇ ਸਿਆਸੀ ਇਤਿਹਾਸ ‘ਤੇ ਨਜ਼ਰ ਮਾਰੀ ਜਾਵੇ ਤਾਂ ਇਸ ਸੀਟ ‘ਤੇ ਅਕਾਲੀ ਦਲ ਦਾ ਹੀ ਕਬਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਰਹੂਮ ਅਜੀਤ ਸਿੰਘ ਕੋਹਾੜ 1997 ਤੋਂ ਲੈ ਕੇ 2018 ਤੱਕ ਵਿਧਾਇਕ ਰਹੇ ਤੇ ਤਿੰਨ ਅਕਾਲੀ ਸਰਕਾਰਾਂ ਸਮੇਂ ਕੈਬਨਿਟ ਮੰਤਰੀ ਬਣੇ। ਉਨ੍ਹਾਂ ਦੀ ਮੌਤ ਤੋਂ ਬਾਅਦ ਹੋਈ ਜਿਮਨੀ ਚੋਣ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਡੇ ਫਰਕ ਨਾਲ ਚੋਣ ਜਿੱਤ ਕੇ ਵਿਧਾਇਕ ਬਣੇ। ਉਸ ਤੋਂ ਬਾਅਦ ਅਜੀਤ ਸਿੰਘ ਕੋਹਾੜ ਦੇ ਪੋਤੇ ਬਚਿੱਤਰ ਸਿੰਘ ਕੋਹਾੜ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਕਰਨਲ ਸੀਡੀ ਸਿੰਘ ਕੰਬੋਜ ਤੇ ਡਾ. ਅਮਰਜੀਤ ਸਿੰਘ ਥਿੰਦ ਵੀ ਅਕਾਲੀ ਦਲ ਦੀ ਟਿਕਟ ਲੈਣ ਲਈ ਜੋਰ ਅਜਮਾਇਸ਼ ਕਰ ਰਹੇ ਹਨ। ਹੁਣ ਚੱਠਾ ਪਰਿਵਾਰ ਦੇ ਮੈਦਾਨ ‘ਚ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਲਈ ਟਕਸਾਲੀ ਆਗੂਆਂ ਨੂੰ ਨਜ਼ਰ ਅੰਦਾਜ ਕਰਨਾ ਮੁਸ਼ਕਲ ਹੋਵੇਗਾ।
ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ਼ਾਹਕੋਟ ਦੇ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ, ਹਰਵਿੰਦਰ ਸਿੰਘ ਬਿੱਲੀ ਚਾਓ, ਜਸਪਾਲ ਸਿੰਘ ਪੰਚ, ਗੁਰਚਰਨ ਸਿੰਘ ਫੌਜੀ, ਹਰਭਜਨ ਸਿੰਘ ਕੰਨੀਆਂ, ਸੁਬੇਗ ਸਿੰਘ, ਜਗਤੇਜ ਸਿੰਘ ਐਲਆਈਸੀ, ਕੁਲਵੰਤ ਸਿੰਘ ਢੰਡੋਵਾਲ, ਗੁਰਮੁੱਖ ਸਿੰਘ, ਸਰਬਜੀਤ ਸਿੰਘ, ਗੁਰਨਾਮ ਸਿੰਘ ਆੜਤੀਆ, ਸੁਰਜੀਤ ਸਿੰਘ ਸਾਬਕਾ ਸਰਪੰਚ, ਜਗਦੀਪ ਸਿੰਘ, ਮਲਕੀਤ ਸਿੰਘ, ਭਗਵਾਨ ਸਿੰਘ, ਜਰਨੈਲ ਸਿੰਘ ਬਾਊਪੁਰ ਸਮੇਤ ਵੱਡੀ ਗਿਣਤੀ ‘ਚ ਅਕਾਲੀ ਵਰਕਰ ਹਾਜ਼ਰ ਸਨ।