ਸ਼ਾਹਕੋਟ, (ਐਮ.ਜੇ ਸਿੰਘ) : ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਲੁੱਟ ਖਸੁੱਟ ਕਰਕੇ ਕਰੋੜਾਂ ਰੁਪਏ ਇਕੱਠੇ ਕਰ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਵਿੰਦਰ ਸਿੰਘ ਸੋਨੂੰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦਸਵੀ ਤੇ ਬਾਰਵੀਂ ਦੇ ਵਿਦਿਆਰਥੀਆਂ ਪਾਸੋਂ ਸਰਟੀਫਿਕੇਟ ਜਾਰੀ ਕਰਨ ਦੇ ਨਾਂ ‘ਤੇ 300 ਰੁਪਏ ਲਏ ਜਾ ਰਹੇ ਹਨ।
ਸੋਨੂੰ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੈਸ਼ਨ 2020-21 ਅਧੀਨ ਦਸਵੀਂ ਤੇ ਬਾਰਵੀਂ ਦੇ 6,14,067 ਵਿਦਿਆਰਥੀਆਂ ਪਾਸੋਂ 73 ਕਰੋੜ 68 ਲੱਖ 80 ਹਜ਼ਾਰ ਰੁਪਏ ਪ੍ਰੀਖਿਆ ਫੀਸ ਵਸੂਲੀ ਗਈ ਪਰ ਵਿਦਿਆਰਥੀਆਂ ਦਾ ਕੋਈ ਵੀ ਇਮਤਿਹਾਨ ਨਹੀਂ ਹੋਇਆ। ਕੋਰੋਨਾ ਮਹਾਮਾਰੀ ਦੌਰਾਨ ਇਨੀਂ ਵੱਡੀ ਰਕਮ ਬੋਰਡ ਵੱਲੋਂ ਵਿਦਿਆਰਥੀਆਂ ਪਾਸੋਂ ਇਕੱਠੀ ਕੀਤੀ ਗਈ। ਪੇਪਰ ਨਾ ਹੋਣ ਦੀ ਸੂਰਤ ‘ਚ ਸਾਰੇ ਪੈਸੇ ਵਿਦਿਆਰਥੀਆਂ ਨੂੰ ਵਾਪਸ ਦਿੱਤੇ ਜਾਣੇ ਚਾਹੀਦੇ ਸਨ ਪਰ ਬੋਰਡ ਨੇ ਅਜਿਹਾ ਨਾ ਕਰਕੇ ਵਿਦਿਆਰਥੀਆਂ ਨਾਲ ਧੋਖਾ ਕੀਤਾ ਹੈ। ਇਸੇ ਤਰ੍ਹਾਂ ਬੋਰਡ ਨੇ ਹੁਣ ਸਰਟੀਫਿਕੇਟ ਜਾਰੀ ਕਰਨ ਦੇ ਨਾਂ ‘ਤੇ 300 ਰੁਪਏ ਲੈਣ ਦਾ ਫੁਰਮਾਨ ਜਾਰੀ ਕੀਤਾ ਹੈ। ਵਿਦਿਆਰਥੀਆਂ ਨੂੰ ਮਾਈਗ੍ਰੇਸ਼ਨ ਸਰਟੀਫਿਕੇਟ ਵੀ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਜਿਸ ਕਾਰਨ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ‘ਚ ਦਾਖਲਾ ਲੈਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਹਾਂ ਮਾਮਲਿਆਂ ਦੀ ਪੜਤਾਲ ਹਾਈਕੋਰਟ ਦੇ ਮੌਜੂਦਾ ਜੱਜ ਕੋਲੋਂ ਕਰਵਾਈ ਜਾਵੇ ਤਾਂ ਜੋ ਵੱਡਾ ਘਪਲਾ ਉਜਾਗਰ ਹੋ ਸਕੇ।