AD

Type Here to Get Search Results !

11 ਕਰੋੜ ਦੀ ਲਾਗਤ ਨਾਲ ਬਣੇ ਸਰਕਾਰੀ ਕਾਲਜ ਦਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕੀਤਾ ਉਦਘਾਟਨ

ਵਾਜਬ ਫੀਸਾਂ 'ਤੇ ਪੇਸ਼ੇਵਰ ਕੋਰਸ ਕਰਵਾ ਕੇ ਖੇਤਰ ਵਿੱਚ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰੇਗਾ ਕਾਲਜ

ਸ਼ਾਹਕੋਟ ਹਲਕੇ 'ਚ 3 ਖੇਡ ਪਾਰਕਾਂ, 6 ਸਕੂਲਾਂ ਨੂੰ ਅਪਗ੍ਰੇਡ ਕਰਨ ਤੇ ਖੇਡਾਂ ਦੇ ਸਮਾਨ ਲਈ 50 ਲੱਖ ਰੁਪਏ ਦੇਣ ਦਾ ਐਲਾਨ

ਸ਼ਾਹਕੋਟ, (ਮਿਹਰਜੋਤ ਸਿੰਘ) : ਪੰਜਾਬ ਦੇ ਸਿੱਖਿਆ, ਖੇਡਾਂ ਅਤੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਵੱਲੋਂ ਸ਼ਨੀਵਾਰ ਸ਼ਾਮ ਨੂੰ ਸ਼ਾਹਕੋਟ ਵਿਖੇ ਨਵੇਂ ਉਸਾਰੇ ਗਏ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕੀਤਾ ਗਿਆ, ਜਿਸ ਦੇ ਨਿਰਮਾਣ 'ਤੇ ਸੂਬਾ ਸਰਕਾਰ ਵੱਲੋਂ 11 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ।

ਕਾਲਜ ਦਾ ਉਦਘਾਟਨ ਕਰਦਿਆਂ ਸਿੱਖਿਆ ਮੰਤਰੀ, ਜਿਨ੍ਹਾਂ ਨਾਲ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਮੌਜੂਦ ਸਨ, ਨੇ ਕਿਹਾ ਕਿ ਇਹ ਕਾਲਜ ਸ਼ਾਹਕੋਟ ਦੇ ਲੋਕਾਂ ਦੀ ਬਹੁਤ ਪੁਰਾਣੀ ਮੰਗ ਨੂੰ ਪੂਰਾ ਕਰਨ ਦੇ ਨਾਲ-ਨਾਲ ਇਸ ਖੇਤਰ ਵਿੱਚ ਉੱਚ ਸਿੱਖਿਆ ਦਾ ਪਸਾਰ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕਾਲਜ ਵਾਜਬ ਫੀਸ 'ਤੇ ਮਿਆਰੀ ਸਿੱਖਿਆ ਪ੍ਰਦਾਨ ਕਰ ਕੇ ਉੱਚ ਸਿੱਖਿਆ ਦੇ ਕੇਂਦਰ ਵਜੋਂ ਉਭਰੇਗਾ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਬੀ.ਸੀ.ਏ, ਬੀ.ਕਾਮ ਅਤੇ ਬੀ.ਏ. ਸਮੇਤ ਤਿੰਨ ਪੇਸ਼ੇਵਰ ਕੋਰਸ ਕਰਵਾਏ ਜਾਣਗੇ ਅਤੇ ਬੀ.ਏ. ਅਤੇ ਬੀ.ਕਾਮ ਲਈ 80-80 ਸੀਟਾਂ ਤੇ ਬੀ.ਸੀ.ਏ. ਕੋਰਸ ਲਈ 60 ਸੀਟਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਸਾਲ ਇੱਥੇ ਪਹਿਲਾ ਵਿੱਦਿਅਕ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਵਿਦਿਆਰਥੀਆਂ ਵੱਲੋਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚਾਰ ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਇਹ ਕਾਲਜ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ, ਜਿਸਦਾ ਉਦੇਸ਼ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ।

ਸੂਬੇ ਵਿਚਲੇ ਵਿੱਦਿਅਕ ਅਤੇ ਖੇਡਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚ ਉੱਚ ਪੱਧਰੀ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਪੰਜਾਬ ਨੂੰ ਪ੍ਰਫਾਰਮੈਂਸ ਗਰੇਡਿੰਗ ਇੰਡੈਕਸ ਵਿੱਚ ਨੰਬਰ ਇੱਕ ਸੂਬਾ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅਧਿਕਾਰੀਆਂ ਨੂੰ ਇਸ ਰੁਤਬੇ ਨੂੰ ਕਾਇਮ ਰੱਖਣ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ। ਪਰਗਟ ਸਿੰਘ ਨੇ ਕਿਹਾ ਕਿ ਜਲਦ ਹੀ ਪੰਜਾਬ 'ਚ 1000 ਲੈਕਚਰਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਸ਼ਾਹਕੋਟ ਹਲਕੇ 'ਚ 3 ਖੇਡ ਪਾਰਕਾਂ, 6 ਸਕੂਲਾਂ ਨੂੰ ਅਪਗ੍ਰੇਡ ਕਰਨ ਤੇ ਖੇਡਾਂ ਦੇ ਸਮਾਨ ਲਈ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਸ਼ਾਹਕੋਟ ਹਲਕੇ ਵਿਚ ਲੜਕੇ-ਲੜਕੀਆਂ ਲਈ ਕੋਈ ਵੀ ਕਾਲਜ ਨਹੀਂ ਸੀ। ਲੋਕਾਂ ਦੀ ਸਰਕਾਰੀ ਕਾਲਜ ਬਣਾਉਣ ਦੀ ਬਹੁਤ ਪੁਰਾਣੀ ਮੰਗ ਸੀ। ਸ਼ੇਰੋਵਾਲੀਆ ਨੇ ਕਿਹਾ ਕਿ 2018 ਦੀ ਸ਼ਾਹਕੋਟ ਜਿਮਨੀ ਚੋਣ ਵੇਲੇ ਉਨ੍ਹਾਂ ਵੱਲੋਂ ਹਲਕੇ ‘ਚ ਸਰਕਾਰੀ ਕਾਲਜ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਕਾਂਗਰਸ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਹੁਣ ਹਲਕੇ ਦੇ ਲੜਕੇ-ਲੜਕੀਆਂ ਉਚੇਰੀ ਵਿੱਦਿਆ ਹਾਸਲ ਕਰਕੇ ਵਧੀਆ ਮੁਕਾਮ ‘ਤੇ ਪਹੁੰਚ ਸਕਦੇ ਹਨ। ਸ਼ੇਰੋਵਾਲੀਆ ਨੇ ਹਲਕੇ ਦੇ ਵਿਕਾਸ ਕਾਰਜਾਂ ਲਈ ਪਰਗਟ ਸਿੰਘ ਸਾਹਮਣੇ ਕੁਝ ਮੰਗਾਂ ਰੱਖੀਆਂ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਨੇ ਸਵੀਕਾਰ ਕਰਨ ਦਾ ਭਰੋਸਾ ਦਿਵਾਇਆ।

ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਪੰਜਾਬ ‘ਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਕਾਂਗਰਸ ਸਰਕਾਰ ਵਚਨਬੱਧ ਹੈ। ਜੇਕਰ ਵਿਅਕਤੀ ਕੋਲ ਸਿੱਖਿਆ ਹੋਵੇਗੀ ਤਾਂ ਉਹ ਕਿਸੇ ਵੀ ਦੇਸ਼ ‘ਚ ਜਾ ਕੇ ਉੱਚਾ ਮੁਕਾਮ ਹਾਸਲ ਕਰ ਸਕਦਾ ਹੈ। ਉਨ੍ਹਾਂ ਸ਼ਾਹਕੋਟ ਹਲਕੇ ਦੇ ਲੋਕਾਂ ਨੂੰ ਸਰਕਾਰੀ ਕਾਲਜ ਬਣਨ ਦੀ ਮੁਬਾਰਕਬਾਦ ਦਿੱਤੀ।

ਸਰਕਾਰੀ ਕਾਲਜ ਸ਼ਾਹਕੋਟ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਕਿਹਾ ਕਿ ਇਹ ਕਾਲਜ ਸ਼ਾਹਕੋਟ ਅਤੇ ਆਸਪਾਸ ਦੇ ਇਲਾਕੇ ਦੇ ਨੌਜਵਾਨਾਂ ਨੂੰ ਪੇਸ਼ੇਵਰ ਸਿੱਖਿਆ ਪ੍ਰਦਾਨ ਕਰਨ ਵਿੱਚ ਸਹਾਈ ਸਾਬਤ ਹੋਵੇਗਾ।

ਇਸ ਮੌਕੇ ਐੱਸਐੱਸਪੀ ਜਲੰਧਰ ਨਵੀਨ ਸਿੰਗਲਾ, ਡੀਐੱਸਪੀ ਅਸ਼ਵਨੀ ਕੁਮਾਰ ਅੱਤਰੀ, ਡੀਐੱਸਪੀ ਸ਼ਾਹਕੋਟ ਸ਼ਮਸ਼ੇਰ ਸਿੰਘ ਸ਼ੇਰਗਿੱਲ, ਐੱਸਡੀਐੱਮ ਸ਼ਾਹਕੋਟ ਲਾਲ ਵਿਸ਼ਵਾਸ ਬੈਂਸ, ਤਹਿਸੀਲਦਾਰ ਪ੍ਰਦੀਪ ਕੁਮਾਰ, ਐੱਸਐੱਚਓ ਸੁਰਿੰਦਰ ਕੁਮਾਰ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ, ਸਾਬਕਾ ਪ੍ਰਧਾਨ ਪਵਨ ਪੁਰੀ, ਚੇਅਰਮੈਨ ਗੁਰਮੁੱਖ ਸਿੰਘ ਕੋਟਲਾ, ਕਮਲ ਨਾਹਰ ਡਾਇਰੈਕਟਰ, ਸ਼੍ਰੋਮਣੀ ਰੰਗਰੇਟਾ ਦਲ ਦੇ ਪ੍ਰਧਾਨ ਵੀਰ ਕਲਵੰਤ ਸਿੰਘ ਕੰਤਾ, ਸਾਬਕਾ ਸਰਪੰਚ ਸੁਰਜੀਤ ਸਿੰਘ, ਅਮਰਜੀਤ ਸਿੰਘ ਈਦਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਜੀਤ ਸਿੰਘ ਗੱਟੀ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਕਪਿਲ ਗੁਪਤਾ, ਸਾਬਕਾ ਚੇਅਰਮੈਨ ਗੁਲਜਾਰ ਸਿੰਘ ਥਿੰਦ, ਬਿਕਰਮਜੀਤ ਸਿੰਘ ਹੈਪੀ ਬਜਾਜ, ਬੂਟਾ ਸਿੰਘ ਕਲਸੀ, ਪਵਨ ਅਗਰਵਾਲ ਐੱਮਸੀ, ਪ੍ਰਵੀਨ ਗਰੋਵਰ, ਸੁਖਦੇਵ ਰਾਜ ਗਿੱਲ ਸਰਪੰਚ, ਅੰਮ੍ਰਿਤਪਾਲ ਸਿੰਘ ਧਨੋਆ ਸਰਪੰਚ, ਜਗਦਮਨਪ੍ਰੀਤ ਸਿੰਘ ਖਹਿਰਾ, ਯੂਥ ਕਾਂਗਰਸ ਦੇ ਪ੍ਰਧਾਨ ਖੁਸ਼ਦੀਪ ਸਿੰਘ ਧੰਜੂ, ਸੁਖਦੀਪ ਸਿੰਘ ਸੋਨੂੰ ਪੀਏ, ਸਵਰਨ ਸਿੰਘ ਡੱਬ, ਕਾਰਜ ਸਾਧਕ ਅਫਸਰ ਦੇਸ ਰਾਜ, ਸੁਰਿੰਦਰ ਵਿੱਗ, ਬੀਪੀਈਓ ਰਾਕੇਸ਼ ਚੰਦ, ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਜਗਜੀਤ ਸਿੰਘ ਨੋਨੀ, ਜਰਮਨ ਸਿੰਘ ਕੁਲਾਰ ਸਰਪੰਚ, ਅਮਨਦੀਪ ਸੈਦਪੁਰੀ, ਕੁਲਦੀਪ ਸਿੰਘ ਕੋਹਾੜ, ਤੀਰਥ ਸਿੰਘ ਕੰਗ ਚੇਅਰਮੈਨ ਮਾਰਕੀਟ ਕਮੇਟੀ ਲੋਹੀਆਂ, ਲਖਵਿੰਦਰ ਸਿੰਘ ਲੱਖਾ ਬਲਾਕ ਪ੍ਰਧਾਨ ਲੋਹੀਆਂ, ਐਡਵੋਕੇਟ ਬਲਦੇਵ ਸਿੰਘ ਸੋਹਲ, ਹਰਦੇਵ ਸਿੰਘ ਪੀਟਾ, ਹਰਭਜਨ ਸਿੰਘ ਖਾਲਸਾ ਸਰਪੰਚ, ਵੈਟਨਰੀ ਅਫਸਰ ਅਮਨਦੀਪ, ਕ੍ਰਿਸ਼ਨ ਕੁਮਾਰ ਗਾਬਾ, ਬਲਜੀਤ ਸਿੰਘ ਮੈਂਬਰ ਮਾਰਕੀਟ ਕਮੇਟੀ, ਰੋਮੀ ਗਿੱਲ ਐੱਮਸੀ, ਰਾਜ ਕੁਮਾਰ ਐੱਮਸੀ, ਗੁਰਿੰਦਰ ਸਿੰਘ ਬਹੁਗੁਣ, ਅਰਵਿੰਦ ਕੁਮਾਰ, ਟਿੰਪੀ ਕੁਮਰਾ, ਮੰਗਾ ਮੱਟੂ, ਅਸ਼ੋਕ ਜੈਨ, ਕੁਲਬੀਰ ਸਿੰਘ ਧੰਜੂ, ਨਵਨੀਤ ਸਿੰਘ ਥਿੰਦ, ਲਛਮਣ ਸੋਬਤੀ, ਗੁਰਪ੍ਰੀਤ ਸਿੰਘ ਬੱਬੂ, ਸੁਰਿੰਦਰ ਬੱਬੂ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਮੌਜੂਦ ਸਨ।

ਹੋਰ ਤਾਜ਼ਾ ਜਾਣਕਾਰੀ ਲੈਣ ਲਈ ਸਾਡੇ ਫੇਸਬੁੱਕ ਪੇਜ਼ ਨੂੰ ਲਾਈਕ ਕਰੋ : https://www.facebook.com/aawaazpunjabdi1

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt