AD

Type Here to Get Search Results !

ਪਰਿਵਾਰਵਾਦ ਖਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਤਿੰਨ ਦਾਅਵੇਦਾਰ ਹੋਏ ਇਕੱਠੇ

ਸ਼ਾਹਕੋਟ, (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂਆਂ ਤੇ ਵਰਕਰਾਂ ਨੇ ਹਾਈਕਮਾਂਡ ਕੋਲੋਂ ਟਕਸਾਲੀ ਤੇ ਮਿਹਨਤੀ ਅਕਾਲੀ ਆਗੂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਸ਼ਾਹਕੋਟ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਹੈ। ਮਾਤਾ ਸਾਹਿਬ ਕੌਰ ਖਾਲਸਾ ਕਾਲਜ ਢੰਡੋਵਾਲ ਦੇ ਪ੍ਰਧਾਨ ਬਲਦੇਵ ਸਿੰਘ ਚੱਠਾ ਦੇ ਗ੍ਰਹਿ ਵਿਖੇ ਹੋਏ ਇਕੱਠ ‘ਚ ਅਕਾਲੀ ਦਲ ਦੀ ਟਿਕਟ ਦੇ ਦਾਅਵੇਦਾਰ ਬਲਵਿੰਦਰ ਸਿੰਘ ਚੱਠਾ ਅਤੇ ਡਾ. ਅਮਰਜੀਤ ਸਿੰਘ ਥਿੰਦ ਇਕ ਮੰਚ ‘ਤੇ ਇਕੱਠੇ ਹੋਏ ਤੇ ਉਨ੍ਹਾਂ ਦਾਅਵਾ ਕੀਤਾ ਕਿ ਟਿਕਟ ਦੇ ਤੀਸਰੇ ਦਾਅਵੇਦਾਰ ਕਰਨਲ ਸੀਡੀ ਸਿੰਘ ਕੰਬੋਜ ਵੀ ਉਨ੍ਹਾਂ ਦੇ ਨਾਲ ਹਨ।

ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਚੱਠਾ ਨੇ ਕਿਹਾ ਕਿ ਉਨ੍ਹਾਂ ਦੀ ਕੋਹਾੜ ਪਰਿਵਾਰ ਨਾਲ ਜਾਤੀ ਲੜ੍ਹਾਈ ਨਹੀਂ ਹੈ ਪਰ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਸ਼ਾਹਕੋਟ ਸੀਟ ਤਾਂ ਹੀ ਜਿੱਤੀ ਜਾ ਸਕਦੀ ਹੈ ਜੇ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਆਗੂ ਨੂੰ ਉਮੀਦਵਾਰ ਐਲਾਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਾਹਕੋਟ ਹਲਕਾ ਪੰਥਕ  ਹੈ ਤੇ ਇਸ ਤੇ ਪਿਛਲੇ ਲੰਬੇ ਸਮੇ ਤਕ ਸ਼੍ਰੋਮਣੀ ਅਕਾਲੀ ਦਲ ਦਾ ਕਬਜਾ ਹੀ ਰਿਹਾ ਹੈ। ਜੇ ਹੁਣ ਵੀ ਮਜਬੂਤ ਉਮੀਦਵਾਰ ਮੈਦਾਨ ਵਿਚ ਉਤਾਰਿਆ ਜਾਦਾਂ ਹੈ ਤਾਂ ਸ਼ਾਹਕੋਟ ਹਲਕੇ ਵਿਚ ਅਕਾਲੀ ਦਲ ਵੱਡੀ ਜਿੱਤ ਦਰਜ ਕਰ ਸਕਦਾ ਹੈ।

ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਤਰਸਿੰਦਰ ਸਿੰਘ ਰੌਂਤ ਨੇ ਕਿਹਾ ਕਿ ਟਿਕਟ ਲਈ ਦਾਅਵੇਦਾਰੀ ਪੇਸ਼ ਕਰਨੀ ਸਾਰਿਆਂ ਦਾ ਅਧਿਕਾਰ ਹੈ। ਅਜੀਤ ਸਿੰਘ ਕੋਹਾੜ ਨੇ 25 ਸਾਲ ਹਲਕੇ ‘ਚ ਰਾਜ ਕੀਤਾ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਦਿੱਤੀ ਗਈ ਅਤੇ ਹੁਣ ਪੋਤਰੇ ਨੂੰ ਟਿਕਟ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਸੀਨੀਅਰ ਤੇ ਟਕਸਾਲੀ ਵਰਕਰ ਪਰਿਵਾਰਵਾਦ ਨੂੰ ਪਰਵਾਨ ਨਹੀਂ ਕਰਨਗੇ। ਜੇ ਕਿਸੇ ‘ਚ ਕਾਬਲੀਅਤ ਹੈ ਤਾਂ ਉਸਨੂੰ ਜਰੂਰ ਅੱਗੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਮੰਨਿਆ ਜਾਂਦਾ ਹੈ ਕਿ ਜਿਮਨੀ ਚੋਣ ਸੱਤਾਧਾਰੀ ਪਾਰਟੀ ਹੀ ਜਿੱਤਦੀ ਹੈ ਪਰ ਮਨਪ੍ਰੀਤ ਸਿੰਘ ਇਆਲੀ, ਮਨਪ੍ਰੀਤ ਸਿੰਘ ਬਾਦਲ, ਮੋਹਨ ਸਿੰਘ ਤੁੜ ਤੇ ਹੋਰਨਾਂ ਆਗੂਆਂ ਨੇ ਵਿਰੋਧੀ ਧਿਰ ‘ਚ ਰਹਿੰਦਿਆਂ ਵੀ ਜਿਮਨੀ ਚੋਣਾਂ ਜਿੱਤ ਕੇ ਇਤਿਹਾਸ ਸਿਰਜਿਆ ਸੀ। ਜੇਕਰ ਅਜੀਤ ਸਿੰਘ ਕੋਹਾੜ ਨੇ ਲੰਬਾ ਸਮਾਂ ਰਾਜ ਕਰਦਿਆਂ ਹਲਕੇ ‘ਚ ਕੰਮ ਕੀਤੇ ਹੁੰਦੇ ਤਾਂ ਜਿਮਨੀ ਚੋਣ ਆਸਾਨੀ ਨਾਲ ਜਿੱਤੀ ਜਾ ਸਕਦੀ ਸੀ। ਜਥੇ. ਤਰਸਿੰਦਰ ਸਿੰਘ ਨੇ ਕਿਹਾ ਕਿ ਲੋਕ ਸਭਾ, ਨਗਰ ਪੰਚਾਇਤ ਚੋਣਾਂ ‘ਚ ਕਰਾਰੀ ਹਾਰ ਮਿਲੀ ਅਤੇ ਸ਼ੂਗਰ ਮਿੱਲ ਤੇ ਮਿਲਕਫੈੱਡ ਦੀਆਂ ਚੋਣਾਂ ‘ਚ ਤਾਂ ਅਕਾਲੀ ਉਮੀਦਵਾਰ ਖੜ੍ਹੇ ਹੀ ਨਹੀਂ ਕੀਤੇ ਗਏ। ਇਸ ਸਭ ਦਾ ਜਿੰਮੇਵਾਰ ਹਲਕਾ ਇੰਚਾਰਜ ਹੀ ਹੈ।

ਡਾ. ਅਮਰਜੀਤ ਸਿੰਘ ਥਿੰਦ ਨੇ ਕਿਹਾ ਕਿ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਕੋਹਾੜ ਪਰਿਵਾਰ ਪਾਰਟੀ ਨੂੰ ਸਾਂਭ ਨਹੀਂ ਸਕਿਆ ਤੇ ਸਾਰਾ ਵੋਟ ਬੈਂਕ ਹੋਰ ਪਾਰਟੀਆਂ ਵੱਲ ਤਬਦੀਲ ਹੋ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਪਾਰਟੀ ਸਾਡੇ ਤਿੰਨਾਂ (ਚੱਠਾ, ਡਾ. ਥਿੰਦ, ਕਰਨਲ ਕੰਬੋਜ) ‘ਚੋਂ ਕਿਸੇ ਨੂੰ ਟਿਕਟ ਦਿੰਦੀ ਹੈ ਤਾਂ ਮਜ਼ਬੂਤੀ ਨਾਲ ਮੈਦਾਨ ‘ਚ ਉਤਰ ਕੇ ਜਿੱਤ ਦਰਜ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਚਿੱਤਰ ਸਿੰਘ ਕੋਹਾੜ ਨੂੰ ਛੱਡ ਕੇ ਸਾਰੇ ਦਾਅਵੇਦਾਰ ਇਕੱਠੇ ਹਨ ਤੇ ਪਾਰਟੀ ਦੀ ਮਜਬੂਤੀ ਲਈ ਲਗਾਤਾਰ ਕੰਮ ਕਰ ਰਹੇ ਹਨ। ਪਾਰਟੀ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ‘ਤੇ ਸਾਰੇ ਸਹਿਮਤ ਹੋਣਗੇ।

ਮਾਤਾ ਸਾਹਿਬ ਕੌਰ ਖਾਲਸਾ ਕਾਲਜ ਦੇ ਪ੍ਰਧਾਨ ਬਲਦੇਵ ਸਿੰਘ ਚੱਠਾ ਨੇ ਕਿਹਾ ਕਿ ਅਕਾਲੀ ਦਲ ਦੇ ਹਲਕਾ ਇੰਚਾਰਜ ਦੀ ਕਾਰਗੁਜ਼ਾਰੀ ਮਾੜੀ ਰਹੀ ਹੈ। । ਉਨ੍ਹਾਂ ਕਿਹਾ ਕਿ ਬਚਿੱਤਰ ਸਿੰਘ ਚਾਹੇ ਐਡਵੋਕੇਟ ਹਨ ਪਰ ਅਜੇ ਤੱਕ ਉਨ੍ਹਾਂ ਨੇ ਸਰਪੰਚੀ ਤੱਕ ਦੀ ਚੋਣ ਵੀ ਨਹੀਂ ਲੜ੍ਹੀ ਜਿਸ ਕਾਰਨ ਹਰ ਚੋਣ ‘ਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਉਨ੍ਹਾਂ ਸਮਾਗਮ ‘ਚ ਪਹੁੰਚੇ ਅਕਾਲੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ 2022 ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੀ ਡਟ ਕੇ ਮਦਦ ਕਰਨ ਦੀ ਅਪੀਲ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਬਲਜਿੰਦਰ ਸਿੰਘ ਕੰਗ, ਨਗਰ ਪੰਚਾਇਤ ਮਹਿਤਪੁਰ ਦੇ ਸਾਬਕਾ ਪ੍ਰਧਾਨ ਰਮੇਸ਼ ਵਰਮਾ, ਨਛੱਤਰ ਸਿੰਘ ਚੇਅਰਮੈਨ ਲੈਂਡ ਮਾਰਗੇਜ਼ ਬੈਂਕ ਵੱਲੋਂ ਵੀ ਇਕੱਠ ਨੂੰ ਸੰਬੋਧਨ ਕੀਤਾ ਗਿਆ।

ਇਸ ਮੌਕੇ ਸਰਬਜੀਤ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ, ਜਗਤਾਰ ਸਿੰਘ, ਨਗਿੰਦਰ ਸਿੰਘ ਕੰਨੀਆਂ, ਜਰਨੈਲ ਸਿੰਘ ਲਾਲੀ, ਜਰਨੈਲ ਸਿੰਘ ਪੀਏ, ਫੁੰਮਣ ਸਿੰਘ ਮੁੰਡੀ ਚੋਹਲੀਆਂ, ਬਲਰਾਜ ਸਿੰਘ ਜੰਮੂ, ਬਲਦੇਵ ਸਿੰਘ ਮਲਸੀਆਂ, ਜਸਪਾਲ ਸਿੰਘ, ਕੈਲਾਸ਼ ਚੰਦਰ ਸ਼ਰਮਾ, ਮਨਿੰਦਰ ਸਿੰਘ ਬਦੇਸ਼ਾ, ਮਲਕੀਤ ਸਿੰਘ ਸ਼ਾਹ, ਜਗਤੇਜ ਸਿੰਘ ਕੈਸ਼ੀਅਰ, ਰਾਜਾ ਬਹੁਗੁਣ ਸਮੇਤ ਵੱਡੀ ਗਿਣਤੀ ‘ਚ ਅਕਾਲੀ ਵਰਕਰ ਹਾਜ਼ਰ ਸਨ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt