* ਮਿਹਨਤੀ ਤੇ ਟਕਸਾਲੀ ਆਗੂਆਂ ਨੂੰ ਅਣਗੌਲਣ ਦਾ ਦੋਸ਼
* ਆਗੂਆਂ ਤੇ ਵਰਕਰਾਂ ਨੇ ਸੁਣਾਏ ਦੁੱਖੜੇ ਤੇ ਕੱਢੀ ਭੜਾਸ
ਸ਼ਾਹਕੋਟ, (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵ. ਅਜੀਤ ਸਿੰਘ ਕੋਹਾੜ ਦੇ ਪੋਤਰੇ ਬਚਿੱਤਰ ਸਿੰਘ ਕੋਹਾੜ ਨੂੰ ਸ਼ਾਹਕੋਟ ਤੋਂ ਉਮੀਦਵਾਰ ਬਣਾਉਣ ਤੋਂ ਨਿਰਾਸ਼ ਅਕਾਲੀ ਅਹੁਦੇਦਾਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਰੋਸ ਪ੍ਰਗਟ ਕੀਤਾ ਹੈ।
ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਬਲਜਿੰਦਰ ਸਿੰਘ ਕੰਗ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਨੇ ਹਲਕੇ ਦੇ ਮਿਹਨਤੀ ਤੇ ਟਕਸਾਲੀ ਆਗੂਆਂ ਨੂੰ ਅਣਗੌਲਿਆਂ ਕਰਦਿਆਂ ਪਰਿਵਾਰਵਾਦ ਦੀ ਨੀਤੀ ਅਪਨਾਈ ਤੇ ਹਲਕੇ ‘ਚ 21 ਸਾਲ ਰਾਜ ਕਰਨ ਵਾਲੇ ਜਥੇ. ਕੋਹਾੜ ਦੇ ਪੋਤਰੇ ਬਚਿੱਤਰ ਸਿੰਘ ਕੋਹਾੜ ਨੂੰ ਟਿਕਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਬਚਿੱਤਰ ਕੋਹਾੜ ਨੇ ਕਦੇ ਪੰਚੀ ਤੱਕ ਦੀ ਚੋਣ ਨਹੀਂ ਲੜ੍ਹੀ ਪਰ ਹਾਈਕਮਾਂਡ ਨੇ ਵੱਖ-ਵੱਖ ਚੋਣਾਂ ਲੜ੍ਹ ਚੁੱਕੇ ਤੇ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਤਨ, ਮਨ, ਧਨ ਨਾਲ ਸੇਵਾ ਕਰ ਰਹੇ ਆਗੂਆਂ ਤੇ ਵਰਕਰਾਂ ਨੂੰ ਅਣਗੌਲਿਆ ਕੀਤਾ ਹੈ ਜਿਸ ਕਾਰਨ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਹਨ।
ਆਗਾਮੀ ਚੋਣਾਂ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਨਕੋਦਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਜਿਨਾਂ ਆਗੂਆਂ ਨੇ ਅਸਤੀਫੇ ਦਿੱਤੇ ਹਨ, ਉਨ੍ਹਾਂ ‘ਚ ਜਥੇ. ਬਲਜਿੰਦਰ ਸਿੰਘ ਕੰਗ ਸਾਬਕਾ ਸਰਪੰਚ, ਬਲਾਕ ਸੰਮਤੀ ਮੈਂਬਰ ਤੇ ਮੈਂਬਰ ਵਰਕਿੰਗ ਕਮੇਟੀ, ਜਥੇ. ਨਛੱਤਰ ਸਿੰਘ ਸੀਨੀਅਰ ਮੀਤ ਪ੍ਰਧਾਨ ਅਕਾਲੀ ਜਥਾ ਜਲੰਧਰ, ਨਗਰ ਪੰਚਾਇਤ ਮਹਿਤਪੁਰ ਦੇ ਸਾਬਕਾ ਪ੍ਰਧਾਨ ਰਮੇਸ਼ ਵਰਮਾ ਸਰਕਲ ਪ੍ਰਧਾਨ ਮਹਿਤਪੁਰ ਸ਼ਹਿਰੀ, ਬਲਜੀਤ ਸਿੰਘ, ਰਾਜਵਿੰਦਰ ਸਿੰਘ ਸਰਕਲ ਪ੍ਰਧਾਨ ਆਈਟੀ ਵਿੰਗ, ਜਰਨੈਲ ਸਿੰਘ ਲਾਲੀ ਸ਼ਹਿਰੀ ਪ੍ਰਧਾਨ ਬੀਸੀ ਵਿੰਗ ਸ਼ਾਹਕੋਟ, ਮੰਗਤ ਰਾਮ ਵਰਕਿੰਗ ਕਮੇਟੀ ਮੈਂਬਰ ਜਲੰਧਰ, ਗੁਰਨਾਮ ਸਿੰਘ ਸਾਂਦ ਪ੍ਰਧਾਨ ਬੀਸੀ ਵਿੰਗ ਸਰਕਲ ਸ਼ਾਹਕੋਟ, ਜਸਬੀਰ ਸਿੰਘ ਥਿੰਦ ਪ੍ਰਧਾਨ ਬੀਸੀ ਵਿੰਗ ਹਲਕਾ ਸ਼ਾਹਕੋਟ, ਹਰਜਿੰਦਰ ਸਿੰਘ ਪ੍ਰਧਾਨ ਬੀਸੀ ਵਿੰਗ ਦੋਨਾ, ਬਲਜੀਤ ਸਿੰਘ ਟੁਰਨਾ, ਗੁਰਵਿੰਦਰ ਸਿੰਘ ਜਰਨਲ ਸਕੱਤਰ ਜਲੰਧਰ ਦਿਹਾਤੀ, ਕੁਲਬੀਰ ਸਿੰਘ ਆਦਿ ਸ਼ਾਮਲ ਹਨ।