ਮਹਿਤਪੁਰ (ਬਿਊਰੋ) : ਮਹਿਤਪੁਰ ਇਲਾਕੇ ਵਿਚ ਅੱਜ ਸਵੇਰੇ 8 ਵਜੇ ਦੇ ਕਰੀਬ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੱਤਿਆਰਾ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਮਹਿਤਪੁਰ ਵਾਸੀ ਲਾਡੀ ਘੁੰਮਣ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ ਲਾਡੀ ਘੁੰਮਣ ਦਾ ਹਮਲਾਵਰ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਲਾਡੀ ਸਵੇਰੇ 8 ਵਜੇ ਦੇ ਕਰੀਬ ਟਰੈਕਟਰ ਉਤੇ ਖੇਤਾਂ ਵਿਚ ਗਿਆ ਹੋਇਆ ਸੀ। ਇਸ ਦੌਰਾਨ ਪਹਿਲਾਂ ਹੀ ਘਾਤ ਲਾ ਕੇ ਬੈਠੇ ਹਮਲਾਵਰ ਨੇ ਉਸ ਨੂੰ ਤਿੰਨ ਗੋਲੀਆਂ ਮਾਰ ਦਿੱਤੀਆਂ ਜਿਸ ਨਾਲ ਲਾਡੀ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰ ਮੌਕੇ ਉਤੇ ਪੁੱਜੇ ਤੇ ਲਾਡੀ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਰੋਹ ਵਿਚ ਆਏ ਪਰਿਵਾਰਕ ਮੈਂਬਰਾਂ ਤੇ ਹਮਾਇਤੀਆਂ ਨੇ ਲਾਸ਼ ਸੜਕ ਉਤੇ ਰੱਖ ਕੇ ਜਾਮ ਲਾ ਦਿੱਤਾ। ਪਰਿਵਾਰਕ ਮੈਂਬਰ ਹੱਤਿਆਰੇ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਧਰਨਾ ਨਹੀਂ ਚੁੱਕਣਗੇ ਨਾ ਹੀ ਲਾਸ਼ ਪੋਸਟਮਾਰਟਮ ਲਈ ਪੁਲਿਸ ਨੂੰ ਦਿੱਤੀ ਜਾਵੇਗੀ। ਧਰਨਾ ਲੱਗਣ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਿਸ ਮੌਕੇ ਉਪਰ ਪੁੱਜ ਗਈ ਅਤੇ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੜੇ ਹੋਏ ਹਨ।