ਚੰਡੀਗੜ੍ਹ, (ਬਿਊਰੋ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਐਲਾਨ ਕੀਤੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੀ ਇਸ ਮੌਕੇ ਉਨ੍ਹਾਂ ਨਾਲ ਮੌਜੂਦ ਰਹੇ। ਸਰਕਾਰ ਨੇ ਐਡਵੋਕੇਟ ਜਨਰਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ ਤੇ ਕੱਲ੍ਹ ਤੱਕ ਨਵੇਂ ਏਜੀ ਦੀ ਨਿਯੁਕਤੀ ਹੋ ਜਾਵੇਗੀ।
ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਹਰ ਵਰਗ ਨੂੰ ਬਰਾਬਰਤਾ ਦਾ ਹੱਕ ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁਲਾਜ਼ਮਾਂ ਦੇ ਵਿਸ਼ਵਾਸ ਸਰਕਾਰ ਵਿਚ ਹੋਣਾ ਲਾਜ਼ਮੀ ਹੈ। ਅੱਜ ਕੈਬਨਿਟ ਮੀਟਿੰਗ ਵਿਚ ਲਏ ਅਹਿਮ ਫੈਸਲੇ ਵਿਚ 36 ਹਜ਼ਾਰ ਮੁਲਾਜ਼ਮ ਪੱਕੇ ਕੀਤੇ ਜਾਣਗੇ। ਡੀਸੀ ਰੇਟ ਵੀ ਸਰਕਾਰ ਲੇ 415 ਰੁਪਏ ਵਧਾਇਆ ਹੈ। ਇਹ ਰੇਟ ਇਕ ਅਪ੍ਰੈਲ 2020 ਤੋਂ ਲਾਗੂ ਹੋਣਗੇ। ਡੀਸੀ ਰੇਟ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਬਕਾਇਆ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ।
ਅੱਜ ਦੀ ਅਹਿਮ ਮੀਟਿੰਗ ਵਿਚ ਰੇਤਾ ਦਾ ਰੇਟ ਵੀ ਘਟਾਇਆ ਗਿਆ। 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਕੱਲ੍ਹ ਭਾਵ ਬੁੱਧਵਾਰ ਤੋਂ ਸਸਤੀ ਰੇਤਾ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਰੇਟ ’ਤੇ ਦਰਿਆ,ਖੱਡ ਤੋਂ ਰੇਤਾ ਭਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਰਾਈ, ਤੁਲਾਈ ਸਭ ਦਾ ਕੰਮ ਠੇਕੇਦਾਰ ਦਾ ਹੋਵੇਗਾ। ਇਸ ਦੇ ਨਾਲ ਹੀ ਚੰਨੀ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਤਿੰਨ ਫੁੱਟ ਤੱਕ ਮਿੱਟੀ ਪਟਵਾਉਂਦਾ ਤਾਂ ਉਸਨੂੰ ਕੋਈ ਨਹੀਂ ਰੋਕੇਗਾ ਤੇ ਨਾ ਕੋਈ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੋਵੇਗੀ। ਇੱਟ ਭੱਠਾ ਨੂੰ ਮਾਇਨਿੰਗ ਪਾਲਸੀ ਤੋ ਬਾਹਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿਹੜੇ ਦਰਿਆ ਜਾਂ ਨਦੀ ‘ਤੇ ਪਾਣੀ ਆਉਂਦਾ, ਉੱਥੇ ਹੀ ਮਾਇਨਿੰਗ ਹੋਵੇਗੀ।