AD

Type Here to Get Search Results !

ਕਰਤਾਰਪੁਰ ਸਾਹਿਬ ਲਾਂਘੇ ਨੇ ਮਿਲਾਏ ਵੰਡ ਦੌਰਾਨ ਵਿਛੜੇ ਸ਼ਾਹਕੋਟ ਦੇ ਭੈਣ-ਭਰਾ

ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਆਪਣੇ ਭਰਾ ਮੁਹੰਮਦ ਇਸਮਾਇਲ ਨੂੰ ਮਿਲਣ ਮੌਕੇ ਸੁਰਿੰਦਰ ਕੌਰ ਤੇ ਉਸਦੇ ਪਰਿਵਾਰਕ ਮੈਂਬਰ।

ਸ਼ਾਹਕੋਟ ਦੀ ਸੁਰਿੰਦਰ ਕੌਰ 75 ਸਾਲ ਬਾਅਦ ਮਿਲੀ ਪਾਕਿਸਤਾਨ ਰਹਿੰਦੇ ਭਰਾ ਮੁਹੰਮਦ ਇਸਮਾਇਲ ਨੂੰ

ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਜਿੱਥੇ ਭਾਰਤ ਦੇ ਲੋਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਨਾਰੋਵਾਲ (ਪਾਕਿਸਤਾਨ) ਦੇ ਦਰਸ਼ਨ ਦੀਦਾਰ ਕਰਦੇ ਹਨ, ਉੱਥੇ ਹੀ ਇਹ ਲਾਂਘਾ ਪਿਆਰ, ਸ਼ਾਂਤੀ ਤੇ ਮਿਲਾਪ ਦੇ ਗਲਿਆਰੇ ਦੇ ਰੂਪ ਵਿਚ ਵੀ ਜਾਣਿਆ ਜਾਣ ਲੱਗ ਪਿਆ ਹੈ ਅਤੇ 1947 ਦੀ ਭਾਰਤ-ਪਾਕਿਸਤਾਨ ਵੰਡ ਦੌਰਾਨ ਵਿਛੜੇ ਭੈਣ-ਭਰਾਵਾਂ ਨੂੰ ਮਿਲਾਉਣ ਦੇ ਕੇਂਦਰ ਵਜੋਂ ਉੱਭਰਿਆ ਹੈ। ਇਸ ਦੀ ਇਕ ਤਾਜ਼ਾ ਉਦਾਹਰਨ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਵੰਡ ਦੌਰਾਨ ਇਕ-ਦੂਜੇ ਤੋਂ ਵੱਖ ਹੋਏ ਭਰਾ-ਭੈਣ 76 ਸਾਲਾਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਿਲੇ। ਦੋਵਾਂ ਦੀ ਮੁਲਾਕਾਤ ਯੂਟਿਊਬ ਚੈਨਲ ਦੇ ਜਰੀਏ ਹੋਈ।

ਪਾਕਿਸਤਾਨ ਦੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਸਾਹੀਵਾਲ ਜ਼ਿਲ੍ਹੇ ਵਿਚ ਰਹਿੰਦੇ ਮੁਹੰਮਦ ਇਸਮਾਇਲ (84) ਅਤੇ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਸ਼ਾਹਕੋਟ ਤਹਿਸੀਲ ਦੀ ਵਸਨੀਕ ਸੁਰਿੰਦਰ ਕੌਰ, ਜਿਸ ਦੀ ਉਮਰ ਇਸ ਸਮੇਂ 80 ਸਾਲ ਤੋਂ ਵੱਧ ਹੈ, ਦਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਿਲਾਪ ਹੋਇਆ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਕਸਬੇ ਵਿਚ ਹੀ ਰਹਿੰਦਾ ਸੀ। 1947 ਦੀ ਜਦੋਂ ਵੰਡ ਹੋਈ ਤਾਂ ਦੰਗਿਆਂ ਦੌਰਾਨ ਇਨ੍ਹਾਂ ਦਾ ਪਰਿਵਾਰ ਵਿਛੜ ਗਿਆ ਸੀ।

ਆਸਟ੍ਰੇਲੀਆ ਦੇ ਮਿਸ਼ਨ ਸਿੰਘ ਨੇ ਭੈਣ-ਭਰਾ ਨੂੰ ਮਿਲਾਉਣ ‘ਚ ਨਿਭਾਈ ਅਹਿਮ ਭੂਮਿਕਾ

ਜਦੋਂ 2019 ਵਿਚ ਕਰਤਾਰਪੁਰ ਲਾਂਘਾ ਖੁੱਲਿਆ ਤਾਂ ਉਸ ਤੋਂ ਬਾਅਦ ਮੁਹੰਮਦ ਇਸਮਾਈਲ ਦੀ ਕਹਾਣੀ ਪਾਕਿਸਤਾਨ ਦੇ ਇਕ ਯੂਟਿਊਬ ਚੈਨਲ ਦੁਆਰਾ ਪੋਸਟ ਕੀਤੀ ਗਈ ਸੀ। ਜਦੋਂ ਇਹ ਪੋਸਟ ਵਾਇਰਲ ਹੋਈ ਤੇ ਆਸਟ੍ਰੇਲੀਆ ਵਿਚ ਰਹਿੰਦੇ ਸਰਦਾਰ ਮਿਸ਼ਨ ਸਿੰਘ ਤੱਕ ਪਹੁੰਚੀ ਤਾਂ ਉਨ੍ਹਾਂ ਵੱਲੋਂ ਮੁਹੰਮਦ ਇਸਮਾਈਲ ਨਾਲ ਸੰਪਰਕ ਕੀਤਾ ਗਿਆ ਅਤੇ ਉਸਨੂੰ ਭਾਰਤ ਵਿਚ ਰਹਿੰਦੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ। ਸਰਦਾਰ ਮਿਸ਼ਨ ਸਿੰਘ ਨੇ ਮੁਹੰਮਦ ਇਸਮਾਈਲ ਨੂੰ ਸੁਰਿੰਦਰ ਕੌਰ ਦਾ ਟੈਲੀਫੋਨ ਨੰਬਰ ਵੀ ਦਿੱਤਾ। ਇਸ ਤੋਂ ਬਾਅਦ ਦੋਹਾਂ ਨੇ ਗੱਲਬਾਤ ਕੀਤੀ ਤੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਨਾਰੋਵਾਲ ਵਿਖੇ ਮਿਲਣ ਦਾ ਫੈਸਲਾ ਕੀਤਾ।

ਇਸਮਾਈਲ ਨੇ ਕੀਤਾ ਗਿਲਾ, ਭਾਰਤੀ ਅੰਬੈਸੀ ਨੇ ਨਹੀਂ ਜਾਰੀ ਕੀਤਾ ਵੀਜ਼ਾ

ਪਾਕਿਸਤਾਨ ਦੀ ਮਸ਼ਹੂਰ ਅਖਬਾਰ ਡਾਨ ਮੁਤਾਬਕ ਮੁਹੰਮਦ ਇਸਮਾਈਲ ਨੇ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਲਈ ਉਤਸੁਕ ਹੋ ਗਿਆ ਸੀ ਤੇ ਉਹ ਭਾਰਤ ਰਹਿੰਦੀ ਆਪਣੀ ਭੈਣ ਨੂੰ ਮਿਲਣ ਲਈ ਬੇਚੈਨ ਸੀ। ਉਸ ਨੇ ਗਿਲਾ ਕਰਦਿਆਂ ਕਿਹਾ ਕਿ ਭਾਰਤੀ ਅੰਬੈਸੀ ਵੱਲੋਂ ਉਸ ਨੂੰ ਵੀਜ਼ਾ ਨਹੀਂ ਜਾਰੀ ਕੀਤਾ ਗਿਆ। ਇਸਮਾਈਲ ਵੱਲੋਂ ਭਾਰਤ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਵੀਜ਼ਾ ਜਾਰੀ ਕਰਨ ਸਬੰਧੀ ਪੱਤਰ ਲਿਖਿਆ ਗਿਆ ਸੀ ਪਰ ਫਿਰ ਵੀ ਉਸਨੂੰ ਵੀਜ਼ਾ ਨਹੀਂ ਮਿਲਿਆ।

ਸੁਰਿੰਦਰ ਕੌਰ ਨੇ ਦੋਵੇਂ ਸਰਕਾਰਾਂ ਦਾ ਕੀਤਾ ਧੰਨਵਾਦ

ਭਾਰਤ ‘ਚ ਰਹਿੰਦੀ ਸੁਰਿੰਦਰ ਕੌਰ ਆਪਣੇ ਪਾਕਿਸਤਾਨ ਰਹਿੰਦੇ ਭਰਾ ਮੁਹੰਮਦ ਇਸਮਾਈਲ ਨੂੰ ਮਿਲ ਕੇ ਬਹੁਤ ਖੁਸ਼ ਹੋਈ। ਇਸ ਮੌਕੇ ਸੁਰਿੰਦਰ ਕੌਰ ਦੇ ਪਰਿਵਾਰਕ ਮੈਂਬਰ ਵੀ ਉਸਦੇ ਨਾਲ ਸਨ। ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਭਾਰਤ ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਕਾਰਨ ਵੰਡ ਦੌਰਾਨ ਵਿਛੜੇ ਭੈਣ-ਭਰਾ ਮਿਲ ਰਹੇ ਹਨ। ਇਸ ਨਾਲ ਦੋਵਾਂ ਮੁਲਕਾਂ ਵਿਚ ਪਿਆਰ ਤੇ ਮੁਹੱਬਤ ਵਧੇਗੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰਾਂ ਨੂੰ ਕਰਤਾਰਪੁਰ ਸਾਹਿਬ ਜਾਂਦੇ ਭਾਰਤੀਆਂ ਨੂੰ ਉੱਥੇ ਰਹਿਣ ਲਈ ਖੁੱਲ੍ਹਾ ਸਮਾਂ ਦੇਣਾ ਚਾਹੀਦਾ ਹੈ ਜਦਕਿ ਹੁਣ ਉਸੇ ਦਿਨ ਵਾਪਸ ਵਤਨ ਪਰਤਣ ਕਰਕੇ ਕੁਝ ਘੰਟੇ ਹੀ ਮਿਲਦੇ ਹਨ।


Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt