ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸਰਪੰਚ ਮੇਜਰ ਸਿੰਘ ਬਾਜਵਾ ਤੇ ਹੋਰ।
ਸ਼ਾਹਕੋਟ,
(ਪੰਜਾਬ ਸੇਵਕ ਨਿਊਜ਼) : ‘ਆਪ’ ਸਰਕਾਰ ਵੱਲੋਂ ਹਲਕਾ ਸ਼ਾਹਕੋਟ ਦੇ ਪਿੰਡ ਬਾਜਵਾ ਕਲਾਂ ਵਿਖੇ ਬਣਾਏ ਜਾਣ
ਵਾਲੇ ਸਕੂਲ ਆਫ ਐਮੀਨੈਂਸ ਦਾ ਪਿੰਡ ਦੀ ਪੰਚਾਇਤ ਵੱਲੋਂ ਹੀ ਵਿਰੋਧ ਕਰ ਦਿੱਤਾ ਗਿਆ ਹੈ। ਇਸ ਸਬੰਧੀ
ਗ੍ਰਾਮ ਪੰਚਾਇਤ ਬਾਜਵਾ ਕਲਾਂ ਵੱਲੋਂ ਪਿੰਡ ਤੇ ਇਲਾਕੇ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਐੱਸਡੀਐੱਮ ਸ਼ਾਹਕੋਟ
ਨੂੰ ਮੰਗ ਪੱਤਰ ਦੇ ਕੇ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਬਣਾਏ ਪਿੰਡ ਬਾਜਵਾ ਕਲਾਂ ਦੇ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ ਵਿਚ ਪਹਿਲਾ ਵਾਂਗ ਹੀ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਪੜ੍ਹਾਈ
ਨੂੰ ਜਾਰੀ ਰੱਖਣ ਦੀ ਮੰਗ ਕੀਤੀ ਗਈ। ਐੱਸਡੀਐੱਮ ਨੂੰ ਮੰਗ ਪੱਤਰ ਦੇਣ ਤੋਂ ਪਹਿਲਾ ਬਾਜਵਾ ਕਲਾਂ ਦੀ
ਪੰਚਾਇਤ ਵੱਲੋਂ ਬੁਲਾਏ ਜਨਤਕ ਇਕੱਠ ਵਿਚ ਪਿੰਡ ਦੇ ਪਤਵੰਤਿਆਂ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੀਆਂ
ਪੰਚਾਇਤਾਂ ਦੇ ਨੁਮਾਇੰਦੇ ਵੀ ਹਾਜ਼ਰ ਹੋਏ।
ਇਸ
ਮੌਕੇ ਗੱਲਬਾਤ ਕਰਦਿਆਂ ਸਰਪੰਚ ਜਗਤਾਰ ਸਿੰਘ ਤਾਰੀ ਤੇ ਕਿਸਾਨ ਆਗੂ ਮੇਜਰ ਸਿੰਘ ਬਾਜਵਾ ਨੇ ਦੱਸਿਆ ਕਿ
ਪਿੰਡ ਬਾਜਵਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕਰੀਬ 1100 ਵਿਦਿਆਰਥੀ ਪੜ੍ਹਦੇ ਹਨ।
ਸਕੂਲ ਵਿਚ ਸਾਇੰਸ, ਕਾਮਰਸ, ਵੋਕੇਸ਼ਨਲ ਤੇ ਆਰਟਸ ਗਰੁੱਪ ਚਲੱਦੇ ਹਨ ਜਦਕਿ ਇਲਾਕੇ ਦੇ ਹੋਰ ਕਿਸੇ ਵੀ
ਸਰਕਾਰੀ ਸਕੂਲ ਵਿਚ ਇਹ ਸਟ੍ਰੀਮ ਨਹੀਂ ਚੱਲਦੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਨਵੀਂ ਸਿੱਖਿਆ
ਨੀਤੀ ਤਹਿਤ ਪਿੰਡਾਂ ਬਾਜਵਾ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਐਮੀਨੈਂਸ ਸਕੂਲ ਬਣਾਇਆ ਜਾ ਰਿਹਾ
ਹੈ। ਇਸ ਨੀਤੀ ਤਹਿਤ ਨੌਵੀਂ ਤੋਂ ਬਾਰਵੀਂ ਜਮਾਤ ਦੇ ਬੱਚਿਆਂ ਦਾ ਦਾਖਲਾ ਹੋਵੇਗਾ ਅਤੇ ਇਹ ਦਾਖਲਾ ਵੀ
ਪੂਰੇ ਇਲਾਕੇ ਦੇ ਬੱਚਿਆਂ ਦਾ ਟੈਸਟ ਲੈ ਕੇ ਕੀਤਾ ਜਾਵੇਗਾ। ਜਿਹੜੇ ਬੱਚੇ ਟੈਸਟ ਵਿਚ ਪਾਸ ਨਾ ਹੋਏ,
ਉਨ੍ਹਾਂ ਬੱਚਿਆਂ ਦਾ ਭਵਿੱਖ ਦਾਅ ‘ਤੇ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਸਕੂਲ ਆਫ ਐਮੀਨੈਂਸ ਬਣ
ਗਿਆ ਤਾਂ ਇਲਾਕੇ ਦੇ ਬਿਹਤਰੀਨ ਸਕੂਲਾਂ ਵਿਚ ਗਿਣਿਆ ਜਾਂਦਾ ਛੇਵੀਂ ਤੋਂ ਬਾਰਵੀਂ ਤੱਕ ਦਾ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ ਬਾਜਵਾ ਕਲਾਂ ਖਤਮ ਹੋ ਜਾਵੇਗਾ ਤੇ ਇੱਥੇ ਸਿਰਫ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ
ਦੀ ਹੀ ਪੜ੍ਹਾਈ ਹੋਵੇਗੀ। ਆਗੂਆਂ ਨੇ ਮੰਗ ਕੀਤੀ ਕਿ ਸਕੂਲ ਨੂੰ ਪਹਿਲਾਂ ਦੀ ਤਰ੍ਹਾਂ ਹੀ ਚੱਲਣ ਦਿੱਤਾ
ਜਾਵੇ। ਜੇ ਸਰਕਾਰ ਨੇ ਇਸੇ ਪਿੰਡ ਵਿਚ ਹੀ ਸਕੂਲ ਆਫ ਐਮੀਨੈਂਸ ਬਣਾਉਣਾ ਹੈ ਤਾਂ ਪੰਚਾਇਤ ਸਰਕਾਰ ਨੂੰ
ਹੋਰ ਜਗ੍ਹਾ ਦੇਣ ਲਈ ਵੀ ਤਿਆਰ ਹੈ।
ਐੱਸਡੀਐੱਮ ਸ਼ਾਹਕੋਟ ਰਿਸ਼ਭ ਬਾਂਸਲ ਨੂੰ ਮੰਗ ਪੱਤਰ ਸੌਂਪਣ ਮੌਕੇ ਪਿੰਡ ਬਾਜਵਾ ਕਲਾਂ ਦੀ ਪੰਚਾਇਤ ਤੇ ਪਤਵੰਤੇ।
ਪਿੰਡ ਵਾਸੀਆਂ ਨੇ ਕਿਹਾ ਕਿ ਮੁੱਢਲੇ ਦੌਰ ਵਿਚ ਐਮੀਨੈਂਸ ਸਕੂਲਾਂ ਵਿਚ ਸਿਰਫ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਨੀਤੀ ਲਿਆਂਦੀ ਗਈ ਸੀ। ਜਦੋਂ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਪੜ੍ਹਨ ਲਈ ਕਿੱਥੇ ਜਾਣਗੇ, ਦਾ ਰੌਲਾ ਅਧਿਆਪਕ ਜਥੇਬੰਦੀਆਂ ਨੇ ਪਾਇਆ ਤਾਂ ਫਿਰ ਸਰਕਾਰ ਨੇ ਇਸ ਸਾਲ ਇਨ੍ਹਾਂ ਸਕੂਲਾਂ ਵਿਚ ਛੇਵੀਂ ਦੇ ਵਿਦਿਆਰਥੀਆਂ ਨੂੰ ਦਾਖਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ। ਆਉਣ ਵਾਲੇ ਸਮੇਂ ’ਚ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੇ ਭਵਿੱਖੀ ਖਤਰੇ ਨੂੰ ਭਾਂਪਦਿਆਂ ਬਾਜਵਾ ਕਲਾਂ ਦੀ ਪੰਚਾਇਤ ਤੇ ਇਲਾਕੇ ਦੇ ਪਤਵੰਤਿਆਂ ਨੇ ਸੰਘਰਸ਼ ਦਾ ਬਿਗਲ ਵਜਾਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇ ਸਰਕਾਰ ਨੇ ਧੱਕੇ ਨਾਲ ਸਕੂਲ ਆਫ ਐਮੀਨੈਂਸ ਬਣਾ ਕੇ ਉਨ੍ਹਾਂ ਦੇ ਸਕੂਲ ਵਿਚੋਂ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦਾ ਦਾਖਲਾ ਬੰਦ ਕੀਤਾ ਤਾਂ ਉਹ ਸਕੂਲ ਨੂੰ ਪੱਕੇ ਤੌਰ ’ਤੇ ਜਿੰਦਾ ਲਗਾ ਦੇਣਗੇ। ਮੰਗ ਪੱਤਰ ਦੇਣ ਵਾਲਿਆਂ ਵਿਚ ਸਰਪੰਚ ਜਗਤਾਰ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ ਬਾਜਵਾ, ਹਰਭਜਨ ਸਿੰਘ ਬਾਜਵਾ, ਸਰਬਜੀਤ ਸਿੰਘ, ਸੁਰਿੰਦਰ ਸਿੰਘ, ਕਰਮਜੀਤ ਸਿੰਘ ਤੇ ਅਨੇਕਾਂ ਪਤਵੰਤੇ ਸ਼ਾਮਲ ਸਨ।