AD

Type Here to Get Search Results !

ਸ਼ਾਹਕੋਟ ਤੇ ਮਲਸੀਆਂ ‘ਚ ਹੋਈਆਂ ਚੋਰੀਆਂ ਦਾ ਕੀ ਹੈ ਆਪਸੀ ਕੁਨੈਕਸ਼ਨ !

ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਬੀਤੇ ਦਿਨ ਸ਼ਾਹਕੋਟ ਤੇ ਮਲਸੀਆਂ ਵਿਚ ਵਾਪਰੀਆਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਵੱਡੀ ਅੱਪਡੇਟ ਸਾਹਮਣੇ ਆਈ ਹੈ। ਚੋਰੀ ਦੀਆਂ ਵਾਰਦਾਤਾਂ ਨੂੰ ਇਕੋ ਹੀ ਗਿਰੋਹ ਵੱਲੋਂ ਅੰਜਾਮ ਦਿੱਤਾ ਗਿਆ ਹੈ। ਇਸ ਦਾ ਖੁਲਾਸਾ ਕਰਦਿਆਂ ਐੱਸਐੱਚਓ ਕਮ ਡੀਐੱਸਪੀ (ਅੰਡਰ ਟ੍ਰੇਨਿੰਗ) ਜਸਵਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਥਾਂਵਾਂ ‘ਤੇ ਹੋਈਆਂ ਚੋਰੀਆਂ ਦਾ ਆਪਸੀ ਕੁਨੈਕਸ਼ਨ ਹੈ। ਵਾਰਦਾਤ ਨੂੰ ਅੰਜਾਮ ਦੇਣ ਲਈ ਸ਼ਾਹਕੋਟ ਤੇ ਮਲਸੀਆਂ ਵਿਚ ਇਕ ਹੀ ਗੱਡੀ ਵਰਤੀ ਗਈ ਸੀ।

ਐੱਸਐੱਚਓ ਸ਼ਾਹਕੋਟ ਜਸਵਿੰਦਰ ਸਿੰਘ ਨੇ ਕਿਹਾ ਕਿ ਮਲਸੀਆਂ ਵਿਚ ਚੋਰੀ ਦੀਆਂ ਘਟਨਾਵਾਂ ਨੂੰ ਚਾਰ ਤੋਂ ਪੰਜ ਵਜੇ ਦੇ ਦਰਮਿਆਨ ਅੰਜਾਮ ਦਿੱਤਾ ਗਿਆ ਜਦਕਿ ਸ਼ਾਹਕੋਟ ਮੇਨ ਬਾਜ਼ਾਰ ‘ਚੋਂ ਪ੍ਰਾਪਤ ਹੋਈ ਸੀਸੀਟੀਵੀ ਫੁਟੇਜ਼ 5:30 ਵਜੇ ਦੀ ਹੈ। ਦੋਵਾਂ ਥਾਂਵਾਂ ‘ਤੇ ਚੋਰ ਗੱਡੀ ‘ਤੇ ਆਏ ਸਨ। ਸ਼ਾਹਕੋਟ ਪੁਲਿਸ ਨੇ ਜੰਮੂ ਕਸ਼ਮੀਰ ਪੁਲਿਸ ਕੋਲ ਪਹੁੰਚ ਕਰਕੇ ਗੱਡੀ ਦੇ ਨੰਬਰ ਦਾ ਪਤਾ ਲਗਵਾਇਆ, ਜਿਸ ਤੋਂ ਪਤਾ ਲੱਗਾ ਕਿ ਉਸ ਗੱਡੀ ਦੀ ਕਿਸੇ ਵੀ ਤਰ੍ਹਾਂ ਦੀ ਮੂਵਮੈਂਟ ਨਹੀਂ ਹੋਈ, ਜਿਸ ਤੋਂ ਸ਼ਾਹਕੋਟ ਤੇ ਮਲਸੀਆਂ ਵਿਚ ਵਰਤੀ ਗੱਡੀ ਦਾ ਨੰਬਰ ਜਾਅਲੀ ਹੋਣ ਦਾ ਪਤਾ ਲੱਗਾ। ਐੱਸਐੱਚਓ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਸ਼ਾਹਕੋਟ ਤੇ ਮਲਸੀਆਂ ‘ਚ ਚਾਰ ਦੁਕਾਨਾਂ ਤੇ ਦੋ ਘਰਾਂ ਨੂੰ ਚੋਰਾਂ ਨੇ ਬਣਾਇਆ ਸੀ ਨਿਸ਼ਾਨਾ

ਜ਼ਿਕਰਯੋਗ ਹੈ ਕਿ ਚੋਰਾਂ ਵੱਲੋਂ ਸ਼ਾਹਕੋਟ ਦੇ ਮੇਨ ਬਾਜ਼ਾਰ ਵਿਚ 3 ਕੱਪੜਿਆਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ 1 ਲੱਖ 39 ਹਜ਼ਾਰ ਦੀ ਨਕਦੀ, ਸੀਸੀਟੀਵੀ ਕੈਮਰੇ ਅਤੇ ਡੀਵੀਆਰ ਚੋਰੀ ਕੀਤੀ ਗਈ। ਸਟੈਂਡਰਡ ਕਲਾਥ ਹਾਊਸ ਦੇ ਮਾਲਕ ਨਾਵੇਦ ਪੁੱਤਰ ਸ਼ਾਹਿਦ ਵਾਸੀ ਯੂਪੀ ਹਾਲ ਵਾਸੀ ਮਾਡਲ ਟਾਊਨ ਸ਼ਾਹਕੋਟ ਅਨੁਸਾਰ ਗਲ੍ਹੇ ਵਿਚ ਪਏ ਇਕ ਲੱਖ ਰੁਪਏ ਗਾਇਬ ਸਨ। ਸੀਸੀਟੀਵੀ ਕੈਮਰਿਆਂ ਦੀ ਤਾਰ ਕੱਟ ਕੇ ਚੋਰ ਡੀਵੀਆਰ ਨਾਲ ਲੈ ਗਏ।  ਸੋਬਤੀ ਰੈਡੀਮੇਡ ਸਟੋਰ ਸ਼ਾਹਕੋਟ ਦੇ ਵਰਕਰ ਗੌਰਵ ਅਰੋੜਾ ਅਨੁਸਾਰ ਉਨ੍ਹਾਂ ਦੀ ਦੁਕਾਨ ਤੋਂ 25 ਹਜ਼ਾਰ ਰੁਪਏ ਨਕਦ, ਇਕ ਸੀਸੀਟੀਵੀ ਕੈਮਰਾ ਤੇ ਡੀਵੀਆਰ ਚੋਰੀ ਹੋਈ ਹੈ। ਨੇੜਲੇ ਦੁਕਾਨਦਾਰ ਦੇ ਲੱਗੇ ਸੀਸੀਟੀਵੀ ਕੈਮਰ ਦੀ ਫੁਟੇਜ਼ ‘ਚ ਸਵੇਰੇ 5:30 ਵਜੇ ਚੋਰਾਂ ਦੇ ਦੁਕਾਨ ‘ਚ ਦਾਖਲ ਹੋਣ ਦੇ ਸਬੂਤ ਮਿਲੇ ਤੇ ਫੁਟੇਜ਼ ‘ਚ ਸਿਰਫ਼ ਗੱਡੀ ਦੇ ਟਾਇਰ ਹੀ ਦਿਖਾਈ ਦਿੱਤੇ ਸਨ। ਜੰਮ-ਜੰਮ ਸਿਲਕ ਸਟੋਰ ਦੇ ਮਾਲਕ ਨਿਸ਼ਾਨ ਕੁਰੈਸ਼ੀ ਮੁਤਾਬਕ ਦੁਕਾਨ ਤੋਂ 14 ਹਜ਼ਾਰ 400 ਰੁਪਏ ਦੀ ਚੋਰੀ ਹੋਈ ਹੈ।

ਇਸੇ ਤਰ੍ਹਾਂ ਮਲਸੀਆਂ ਦੇ ਮੇਨ ਬਾਜ਼ਾਰ ‘ਚ ਤੜਕੇ 5 ਵਜੇ ਗੁਪਤਾ ਗਾਰਮੈਂਟਸ ਨਾਮ ਦੀ ਕੱਪੜਿਆਂ ਦੀ ਦੁਕਾਨ ਤੋਂ ਚੋਰਾਂ ਨੇ 1.50 ਲੱਖ ਰੁਪਏ ਚੋਰੀ ਕੀਤੇ। ਚੋਰ ਇਕ ਚਿੱਟੇ ਰੰਗ ਦੀ ਬਰੇਜ਼ਾ ਗੱਡੀ ‘ਚ ਆਏ ਸਨ ਤੇ ਇਹ ਸਾਰੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋਈ ਹੈ। ਇਸੇ ਤਰ੍ਹਾਂ ਲਕਸੀਆਂ ਪੱਤੀ ਕਾਲੋਨੀ ‘ਚ ਇਕ ਦਰਜੀ ਦੇ ਘਰ ਤੋਂ ਇਕ ਐਲਈਡੀ ਅਤੇ ਇਸੇ ਹੀ ਕਾਲੋਨੀ ਦੇ ਇਕ ਹੋਰ ਘਰ ‘ਚੋਂ 4 ਵਜੇ ਦੇ ਕਰੀਬ ਬਟੂਆ ਤੇ ਮੋਬਾਈਲ ਚੋਰੀ ਹੋਣ ਦੀ ਵੀ ਸੂਚਨਾ ਪ੍ਰਾਪਤ ਹੋਈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt