ਪਿੰਡ ਸੰਢਾਵਾਲ ਵਿਖੇ ਕਿਸਾਨ ਵੱਲੋਂ ਪਰਾਲੀ ਨੂੰ ਲਾਈ ਅੱਗ ਨੂੰ ਬੁਝਾਉਣ ਮੌਕੇ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਤੇ ਮਾਲ ਮਹਿਕਮੇ ਦੇ ਅਧਿਕਾਰੀ।
ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ
ਜਾਗਰੂਕ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਮੰਗਲਵਾਰ ਨੂੰ ਨਾਇਬ ਤਹਿਸੀਲਦਾਰ
ਸ਼ਾਹਕੋਟ ਗੁਰਦੀਪ ਸਿੰਘ ਸੰਧੂ ਵੱਲੋਂ ਪਿੰਡ ਸੰਢਾਵਾਲ ਵਿਖੇ ਕਿਸਾਨ ਨੂੰ ਪਰਾਲੀ ਨੂੰ ਅੱਗ ਨਾ
ਲਗਾਉਣ ਸਬੰਧੀ ਸਮਝਾਇਆ ਤੇ ਮੌਕੇ ‘ਤੇ ਹੀ ਅੱਗ ਨੂੰ ਬੁਝਾਇਆ ਗਿਆ।
ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਲਗਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਰੋਕਥਾਮ ਲਾਈ ਜਾ ਸਕੇ। ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨਾਂ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਤੇ ਜਿੱਥੇ ਕਿਤੇ ਵੀ ਪਰਾਲੀ ਨੂੰ ਅੱਗ ਲੱਗੀ ਹੁੰਦੀ ਹੈ, ਉੱਥੇ ਮੌਕੇ ‘ਤੇ ਹੀ ਅੱਗ ਬੁਝਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸੰਢਾਵਾਲ ਵਿਖੇ ਕਿਸਾਨ ਵੱਲੋਂ ਖੇਤਾਂ ‘ਚ ਪਰਾਲੀ ਨੂੰ ਅੱਗ ਲਗਾਈ ਸੀ। ਜਦੋਂ ਇਸ ਸਬੰਧੀ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਮਾਲ ਮਹਿਕਮੇ ਦੇ ਕਾਨੂੰਗੋ ਜਤਿੰਦਰ ਸਿੰਘ, ਪਟਵਾਰੀ ਜਸਬੀਰ ਸਿੰਘ ਤੇ ਜੀਵਨ ਲਾਲ ਨੂੰ ਨਾਲ ਲੈ ਕੇ ਕਿਸਾਨ ਨੂੰ ਸਮਝਾਇਆ। ਇਸ ਦੌਰਾਨ ਖੇਤਾਂ ‘ਚ ਲੱਗੀ ਅੱਗ ਨੂੰ ਵੀ ਬੁਝਾਇਆ ਗਿਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤੇ ਉਚਿਤ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇ।