AD

Type Here to Get Search Results !

ਐੱਸ.ਵਾਈ.ਐੱਲ, ਰੇਤ ਮਾਫੀਆ ਤੇ ਹੋਰ ਭੱਖਦੇ ਮੁੱਦਿਆਂ ਸਬੰਧੀ ਨਵਜੋਤ ਸਿੱਧੂ ਨੇ 'ਆਪ' ਸਰਕਾਰ 'ਤੇ ਸਾਧੇ ਨਿਸ਼ਾਨੇ

ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ।

ਜਲੰਧਰ, (ਪੰਜਾਬ ਸੇਵਕ ਨਿਊਜ਼) : ਐੱਸ.ਵਾਈ.ਐੱਲ, ਰੇਤ ਮਾਫੀਆ, ਬੇਅਦਬੀ ਸਮੇਤ ਪੰਜਾਬ ਦੇ ਹੋਰ ਭੱਖਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ 'ਆਪ' ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ। ਮੰਗਲਵਾਰ ਨੂੰ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਰੇਤ ਮਾਫੀਆ ਨੂੰ ਲੈ ਕੇ ਵੀ 'ਆਪ' ਸਰਕਾਰ ਨੂੰ ਘੇਰਿਆ। ਸਿੱਧੂ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਰੇਤ ਦੀਆਂ ਕੀਮਤਾਂ ਨੂੰ ਲੈ ਕੇ ਵਿਰੋਧ ਹੁੰਦਾ ਸੀ ਜਦਕਿ ਹੁਣ ਰੇਤ ਦੀਆਂ ਕੀਮਤਾਂ ਤਿੰਨ ਗੁਣਾ ਹੋ ਗਈਆਂ ਹਨ। ਲੋਕਾਂ ਨੂੰ ਝੂਠ ਬੋਲ ਕੇ ਮੂਰਖ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਕੁਝ ਨਹੀਂ ਕੀਤਾ। ਪਤਾ ਲੱਗਣਾ ਚਾਹੀਦਾ ਹੈ ਕਿ ਪੰਜਾਬ ਨੂੰ  ਕਰਜੇ ਹੇਠ ਕੌਣ ਲੈ ਕੇ ਜਾ ਰਿਹਾ ਹੈ। ਸਿੱਧੂ ਨੇ ਕਿਹਾ ਕਿ ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਜਲਦੀ ਤੋਂ ਜਲਦੀ ਗਰੀਬ ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾਏ ਜਾ ਰਹੇ ਹਨ। ਆਯੁਸ਼ਮਾਨ ਸਕੀਮ ਬਾਰੇ ਉਨ੍ਹਾਂ  ਕਿਹਾ ਕਿ ਇਹ ਮੁਫਤ ਸਕੀਮ ਕੇਂਦਰ ਦੀ ਹੈ ਜਿਸ ਵਿਚ ਪੰਜਾਬ ਸਰਕਾਰ 40 ਪੈਸੇ ਦਾ ਨਿਵੇਸ਼ ਕਰਦੀ ਹੈ ਜਦਕਿ ਕੇਂਦਰ ਸਰਕਾਰ ਇਕ ਰੁਪਏ ਦਾ ਨਿਵੇਸ਼ ਕਰਦੀ ਹੈ। ਸਿੱਧੂ ਨੇ ਕਿਹਾ ਕਿ ਪੁਲਿਸ ਤੇ ਨਸ਼ਾ ਤਸਕਰਾਂ ਨਾਲ ਸਿਆਸੀ ਆਗੂਆਂ ਦਾ ਗਠਜੋੜ ਤੋੜਿਆ ਜਾਣਾ ਚਾਹੀਦਾ ਹੈ। ਸਿੱਧੂ ਨੇ ਕਿਸੇ ਦਾ ਵੀ ਨਾਮ ਲਏ ਬਿਨਾਂ ਕਿਹਾ ਕਿ ਮੁੱਦਿਆਂ 'ਤੇ ਗੱਲ ਕਰਨੀ ਚਾਹੀਦੀ ਹੈ।
ਸਿੱਧੂ ਨੇ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਗੋਰਿਆਂ ਨੂੰ ਨੌਕਰੀਆਂ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਅਤੇ ਇਹ ਸਿਰਫ ਗੱਲਾਂ ਤੱਕ ਹੀ ਸੀਮਤ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਅਧਿਆਪਕਾਂ ਦੀ ਕੋਈ ਕਮੀ ਨਹੀਂ ਹੈ, ਪਰ ਉਨ੍ਹਾਂ ਦੀਆਂ ਤਨਖਾਹਾਂ ਸਮੇਂ ਸਿਰ ਮਿਲਣੀਆਂ ਚਾਹੀਦੀਆਂ ਹਨ। ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋ ਜਾਣ ਤਾਂ ਪੰਜਾਬ ਦੀ ਸਿੱਖਿਆ ਵਿਚ ਸੁਧਾਰ ਹੋ ਸਕਦਾ ਹੈ। ਸਿੱਧੂ ਨੇ ਕਿਹਾ ਕਿ ਜੇਕਰ ਮਾਫੀਆ 'ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਸਰਕਾਰ ਦੇ ਖਾਤਿਆਂ 'ਚ 30 ਤੋਂ 40 ਹਜ਼ਾਰ ਕਰੋੜ ਰੁਪਏ ਆ ਜਾਣਗੇ। ਉਨ੍ਹਾਂ ਕਿਹਾ ਕਿ ਇਹ ਦੱਸਿਆ ਜਾਵੇ ਕਿ ਸ਼ਰਾਬ ਦੇ ਲਾਇਸੈਂਸ ਕਿਸ ਦੇ ਰਿਸ਼ਤੇਦਾਰਾਂ ਨੂੰ ਦਿੱਤੇ ਗਏ ਹਨ। ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਮਾੜੀ ਹੋ ਚੁੱਕੀ ਹੈ। ਸਿੱਧੂ ਨੇ ਬਹਿਬਲ ਕਲਾਂ ਦੇ ਮੁੱਦੇ 'ਤੇ ਵੀ ਪੰਜਾਬ ਸਰਕਾਰ ਨੂੰ ਘੇਰਿਆ। ਸਿੱਧੂ ਨੇ ਕਿਹਾ ਕਿ ਜਦੋਂ ਗੁਰੂ ਦੀ ਗੱਲ ਆਈ ਤਾਂ ਮੈਂ ਸਭ ਤੋਂ ਪਹਿਲਾਂ ਖੜ੍ਹਾ ਹੋਇਆ। ਉਨ੍ਹਾਂ ਪੰਜਾਬ ਦੇ ਹੋਰ ਵੀ ਕਈ ਮੁੱਦਿਆਂ 'ਤੇ ਸਰਕਾਰ ਨੂੰ ਤਿੱਖੇ ਸਵਾਲ ਕੀਤੇ।

Live From Punjab Press Club, Jalandhar

Posted by Navjot Singh Sidhu on Monday, 23 October 2023

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt