ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਉੱਪ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਹੇਠ 11ਵੀਂ ਸਲਾਨਾ ਇੰਟਰ ਸਕੂਲ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼ਾਹਕੋਟ ਸਕੂਲ ਤੋਂ ਇਲਾਵਾ ਨਕੋਦਰ ਤੇ ਜਲੰਧਰ ਕੈਂਟ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਡੀਐੱਸਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ ਨੇ ਮੁੱਖ ਮਹਿਮਾਨ ਜਦਕਿ ‘ਆਪ’ ਆਗੂ ਪ੍ਰਵੀਨ ਗਰੋਵਰ ਤੇ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਵਾਈਸ ਪ੍ਰਧਾਨ ਪਰਮਜੀਤ ਕੌਰ ਬਜਾਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਜੋਤੀ ਉੱਜਵਲ ਕੀਤੀ ਗਈ। ਸੱਤਵੀਂ, ਅੱਠਵੀਂ ਤੇ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਦੇ ਉਚਾਰਨ ਨਾਲ ਸਾਰੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਗਿਆ। ਸਕੂਲ ਦੇ ਸਪੋਰਟਸ ਹੈੱਡ ਬੁਆਏ ਕੀਰਤ ਸਿੰਘ ਤੇ ਯੁਵਰਾਜ, ਨਕੋਦਰ ਸਕੂਲ ਦੇ ਸਪੋਰਟਸ ਹੈੱਡ ਬੁਆਏ ਰੋਬਿਨ ਤੇ ਜਲੰਧਰ ਕੈਂਟ ਸਕੂਲ ਦੇ ਸਪੋਟਰਸ ਹੈੱਡ ਬੁਆਏ ਮਨਪ੍ਰੀਤ ਨੇ ਮਾਰਚ ਪਾਸਟ ਦੀ ਅਗਵਾਈ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡੀਐੱਸਪੀ ਨਰਿੰਦਰ ਸਿੰਘ ਔਜਲਾ ਨੇ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਰੋਜ਼ਾਨਾ ਜ਼ਿੰਦਗੀ ਵਿਚ ਛੋਟੇ-ਛੋਟੇ ਉਦੇਸ਼ ਬਣਾਉਣ ਲਈ ਵੀ ਕਿਹਾ। ਇਸ ਮੌਕੇ ਡੀਐੱਸਪੀ ਨੇ ਖੇਡ ਮੁਕਾਬਲੇ ਦੀ ਸ਼ੁਰੂਆਤ ਕਰਵਾਈ। ਅਧਿਆਪਕਾਵਾਂ ਮੋਨਿਕਾ, ਮਨਜੀਤ ਕੌਰ ਤੇ ਜਸਪਾਲ ਕੌਰ ਅਤੇ ਨੌਵੀਂ ਜਮਾਤ ਦੀ ਵਿਦਿਆਰਥਣ ਨੰਦਨੀ ਤੇ ਬਾਰਵੀਂ ਜਮਾਤ ਦੀ ਵਿਦਿਆਰਥਣ ਭੂਮੀ ਨੇ ਮੰਚ ਦਾ ਸੰਚਾਲਨ ਕੀਤਾ। ਇਸ ਤੋਂ ਬਾਅਦ ਸਕੂਲ ਦੇ ਹੈੱਡ ਬੁਆਏ ਚਰਨਪ੍ਰੀਤ ਸਿੰਘ ਨੇ ਤਿੰਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ। ਮੁਕਾਬਲੇ ਵਿਚ ਵੱਖ-ਵੱਖ ਮੁਕਾਬਲੇ ਲੌਂਗ ਜੰਪ, ਜੈਵਲਿਨ ਥਰੋਅ, ਡਿਸਕਸ ਥਰੋਅ, ਸ਼ਾਟਪੁੱਟ ਥਰੋਅ, ਰੀਲੇਅ ਰੇਸ, ਸੈਕ ਰੇਸ, ਲੈਮਨ ਰੇਸ, ਹਾਕੀ ਬਾਲ ਥਰੋਅ, ਟ੍ਰਿਪਲ ਜੰਪ, 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਤੇ 1500 ਮੀਟਰ ਦੌੜ ਮੁਕਾਬਲੇ ਕਰਵਾਏ ਗਏ। ਸਕੂਲ ਦੇ ਛੇਵੀਂ, ਸੱਤਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ।
ਮੁਕਾਬਲੇ ਵਿਚ ਸਟੇਟ ਪਬਲਿਕ ਸਕੂਲ ਸ਼ਾਹਕੋਟ ਨੇ 23 ਗੋਲਡ, 25 ਸਿਲਵਰ ਤੇ 17 ਕਾਂਸੇ ਦੇ ਮੈਡਲ ਪ੍ਰਾਪਤ ਕਰਦੇ ਹੋਏ ਓਵਰਆਲ ਟ੍ਰਾਫੀ ‘ਤੇ ਲਗਾਤਾਰ ਅੱਠਵੀਂ ਵਾਰ ਕਬਜ਼ਾ ਕੀਤਾ। ਇਸ ਤੋਂ ਇਲਾਵਾ ਸਟੇਟ ਪਬਲਿਕ ਸਕੂਲ ਨਕੋਦਰ ਨੇ 10 ਗੋਲਡ, 10 ਸਿਲਵਰ ਤੇ 17 ਕਾਂਸੇ ਦੇ ਮੈਡਲ ਅਤੇ ਸਟੇਟ ਪਬਲਿਕ ਸਕੂਲ ਜਲੰਧਰ ਨੇ 15 ਗੋਲਡ, 13 ਸਿਲਵਰ ਤੇ 12 ਕਾਂਸੇ ਦੇ ਮੈਡਲ ਪ੍ਰਾਪਤ ਕੀਤੇ। ਅਥਲੈਟਿਕਸ ਮੀਟ ਵਿਚ ਅਭਿਸੁਮਨ, ਗੁਰਸ਼ਾਨ, ਦੀਕਸ਼ਾ (ਜਲੰਧਰ), ਰਮਨੀਤ (ਨਕੋਦਰ) ਅਤੇ ਮਨਵੀਤ, ਹਰਕੀਰਤ, ਅਵਜੋਤ ਤੇ ਕੀਰਤ ਸਿੰਘ (ਸ਼ਾਹਕੋਟ) ਬੈਸਟ ਅਥਲੀਟ ਰਹੇ। ਸਕੂਲ ਦੇ ਪ੍ਰਧਾਨ ਡਾ.ਨਰੋਤਮ ਸਿੰਘ ਤੇ ਪ੍ਰਿੰਸੀਪਲ ਕੰਵਰ ਨੀਲ ਕਮਲ ਵੱਲੋਂ ਜੇਤੂ ਸਕੂਲ ਨੂੰ ਵਧਾਈ ਦਿੰਦੇ ਹੋਏ ਓਵਰਆਲ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ। ਅੰਤ ਵਿਚ ਪ੍ਰਿੰਸੀਪਲ ਕੰਵਰ ਨੀਲ ਕਮਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ।