ਜਾਗਰੂਕਤਾ ਵੈਨ ਨੂੰ ਰਵਾਨਾ ਕਰਨ ਮੌਕੇ ਐੱਸਡੀਐੱਮ ਰਿਸ਼ਭ ਬਾਂਸਲ, ਤਹਿਸੀਲਦਾਰ ਹਰਮਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਜਸਵੀਰ ਸਿੰਘ ਤੇ ਹੋਰ।
ਕਿਸਾਨਾਂ
ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਕੀਤੀ ਰਵਾਨਾ
ਸ਼ਾਹਕੋਟ,
(ਪੰਜਾਬ ਸੇਵਕ ਨਿਊਜ਼) : ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਪ੍ਰਸ਼ਾਸਨ ਵੱਲੋਂ
ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡ-ਪਿੰਡ ਜਾ
ਕੇ ਜਾਗਰੂਕ ਕਰਨ ਲਈ ਐੱਸਡੀਐੱਮ ਸ਼ਾਹਕੋਟ ਵੱਲੋਂ ਜਾਗਰੂਕਤਾ ਵੈਨ ਨੂੰ ਰਵਾਨਾ ਕੀਤਾ ਗਿਆ। ਇਸ ਤੋਂ ਇਲਾਵਾ
ਪਿੰਡ ਕੋਟਲੀ ਗਾਜਰਾਂ ਵਿਖੇ ਖੇਤਾਂ ‘ਚ ਪਰਾਲੀ ਨੂੰ ਲੱਗੀ ਅੱਗ ਨੂੰ ਵੀ ਤੁਰੰਤ ਬੁਝਾਇਆ ਗਿਆ।
ਪਿੰਡ
ਕੋਟਲੀ ਗਾਜਰਾਂ ਵਿਖੇ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਦਾ ਮਾਮਲਾ ਕਲਸਟਰ ਅਫਸਰ ਵੱਲੋਂ ਪ੍ਰਸ਼ਾਸਨ
ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਕਲਸਟਰ ਅਫਸਰ, ਤਹਿਸੀਲਦਾਰ ਤੇ ਖੇਤੀਬਾੜੀ
ਵਿਕਾਸ ਅਫਸਰ ਨੇ ਫਾਇਰ ਟੀਮ ਨੂੰ ਨਾਲ ਲੈ ਕੇ ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਬੁਝਾਉਣ ਦਾ ਕੰਮ ਆਰੰਭ
ਕਰ ਦਿੱਤਾ। ਮੌਕੇ ‘ਤੇ ਮੌਜੂਦ ਪਟਵਾਰੀ ਨੇ ਦੱਸਿਆ ਕਿ ਇਹ ਜਮੀਨ ਇਕ ਰਿਟਾਇਰਡ ਥਾਣੇਦਾਰ ਕੁਲਵੰਤ ਸਿੰਘ
ਦੀ ਹੈ। ਜਮੀਨ ਦੇ ਮਾਲਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਅੱਗ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਹੋਣ
ਨਾਲ ਲੱਗੀ ਹੈ। ਅੱਗ ਬੁਝਾਉਣ ਵਿਚ ਮਦਦ ਕਰਨ ਲਈ ਉਨ੍ਹਾਂ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ
ਦੇ ਯਤਨਾਂ ਸਦਕਾ ਜਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਪਿੰਡ ਕੋਟਲੀ ਗਾਜਰਾਂ ਵਿਖੇ ਪਰਾਲੀ ਨੂੰ ਲੱਗੀ ਅੱਗ ਬੁਝਾਉਂਦੇ ਹੋਏ ਮੁਲਾਜ਼ਮ।
ਐੱਸਡੀਐੱਮ
ਸ਼ਾਹਕੋਟ ਰਿਸ਼ਭ ਬਾਂਸਲ ਨੇ ਕਿਹਾ ਕਿ ਭਾਵੇਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ
ਪਰ ਇਸ ਦੀ ਜਾਂਚ ਕੀਤੀ ਜਾਵੇਗੀ। ਜੇ ਕਿਸਾਨ ਵੱਲੋਂ ਖੁਦ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਤਾਂ
ਸਬੰਧਤ ਕਿਸਾਨ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਸਾਨ ਨੂੰ ਜੁਰਮਾਨਾ ਵੀ ਕੀਤਾ ਜਾ
ਸਕਦਾ ਹੈ ਜਾਂ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ
ਨਾਲ ਪਰਾਲੀ ਨੂੰ ਜਾਣਬੁੱਝ ਕੇ ਅੱਗ ਲਗਾਉਣ ਦੇ ਕੇਸ ਨੂੰ ਨਜਰ ਅੰਦਾਜ ਨਹੀਂ ਕੀਤਾ ਜਾ ਸਕਦਾ ਕਿਉਂਕਿ
ਪਰਾਲੀ ਦੇ ਧੂੰਏਂ ਨਾਲ ਆਮ ਲੋਕਾਂ ਤੇ ਖਾਸਕਰ ਬਿਮਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਮੰਨਿਆ ਜਾਂਦਾ
ਹੈ। ਇਸ ਮੌਕੇ ਤਹਿਸੀਲਦਾਰ ਸ਼ਾਹਕੋਟ ਹਰਮਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਜਸਵੀਰ ਸਿੰਘ ਤੇ ਹੋਰ
ਅਧਿਕਾਰੀ ਵੀ ਮੌਜੂਦ ਸਨ।