ਸਕੂਲ ਦੇ ਬੱਚਿਆਂ ਨੂੰ ਸਿਖਲਾਈ ਦਿੰਦੇ ਹੋਏ ਡਾ: ਮੁਕੇਸ਼ ਗੁਪਤਾ।
ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਵਿੱਚ ਡਾ. ਮੁਕੇਸ਼ ਗੁਪਤਾ ਵੱਲੋਂ ਲਗਾਇਆ ਕੈਂਪ
ਸਲਾਨਾ 10 ਲੱਖ ਦੀ ਮੌਤ ਸਿਰਫ ਦਿਲ ਦੇ ਦੌਰਾ ਪੈਣ ਨਾਲ ਹੁੰਦੀ ਹੈ: ਡਾ. ਗੁਪਤਾ
ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੰਕੈਡਰੀ ਸਕੂਲ ਵਿਖੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਮੁਕੇਸ਼ ਗੁਪਤਾ ਨੇ ਬੱਚਿਆਂ ਨੂੰ ਸਿਖਲਾਈ ਦਿੱਤੀ ਕਿ ਕਿਵੇਂ ਅਚਾਨਕ ਦਿਲ ਦੇ ਰੁੱਕ ਜਾਣ ਕਾਰਨ ਬੇਹੋਸ਼ ਹੋ ਕੇ ਡਿੱਗੇ ਵਿਅਕਤੀ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਦੇਸ਼ ਦੀ 140 ਕਰੋੜ ਅਬਾਦੀ ਵਿੱਚੋਂ ਹਰ ਸਾਲ 1 ਕਰੋੜ ਲੋਕਾਂ ਦੀ ਕਿਸੇ ਨਾ ਕਿਸੇ ਕਾਰਨ ਮੌਤ ਹੋ ਜਾਂਦੀ ਹੈ। ਇਹਨਾਂ ਵਿੱਚੋਂ 10 ਲੱਖ ਮੌਤਾਂ ਅਚਾਨਕ ਦਿਲ ਦੇ ਰੁਕ ਜਾਣ ਨਾਲ ਹੁੰਦੀਆਂ ਹਨ। ਡਾ. ਮੁਕੇਸ਼ ਗੁਪਤਾ ਨੇ ਦੱਸਿਆ ਕਿ ਇਹਨਾਂ 10 ਲੱਖ ਮੌਤਾਂ ਵਿੱਚੋਂ 3 ਲੱਖ 50 ਹਜ਼ਾਰ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਜੇਕਰ ਉਹਨਾਂ ਨੂੰ ਮੌਕੇ ’ਤੇ ਤਿੰਨ ਮਿੰਟ ਦੇ ਅੰੰਦਰ ਅੰੰਦਰ ਦੋਵੇਂ ਹੱਥਾਂ ਨਾਲ ਉਸਦੀ ਛਾਤੀ ਨੂੰ ਹੱਥਾਂ ਨਾਲ ਪੰਪ ਕੀਤਾ ਜਾਵੇ।
ਡਾ. ਮੁਕੇਸ਼ ਗੁਪਤਾ ਨੇ ਬੱਚਿਆਂ ਨੂੰ ਸਿਖਲਾਈ ਦੌਰਾਨ ਨਾਲ ਲਿਆਂਦੇ ਹੋਏ ਬਨਾਵਟੀ ਮਨੱੁਖੀ ਸਰੀਰ ਦੇ ਢਾਂਚੇ ਰਾਹੀ ਉਹ ਤਕਨੀਕ ਦੱਸੀ ਕਿ ਜਿਸ ਰਾਹੀ ਬੇਹੋਸ਼ ਹੋਏ ਵਿਅਕਤੀ ਦੇ ਦਿਲ ਨੂੰ 3 ਮਿੰਟ ਤੱਕ ਦਬਾਉਣ ਨਾਲ ਉਸਦੇ ਸਾਹ ਵਾਪਿਸ ਲਿਆਂਦੇ ਜਾ ਸਕਦੇ ਹਨ।ਉਨ੍ਹਾਂ ਨੇ ਬੱਚਿਆਂ ਕੋਲੋ ਵੀ ਅਜਿਹਾ ਕਰਵਾ ਕੇ ਦੇਖਿਆ ਕਿਵੇਂ ਦਿਲ ਨੂੰ ਦਬਾਉਦੇ ਰਹਿਣਾ ਹੈ ਜਿਸ ਨਾਲ ਬੇਹੋਸ਼ ਹੋਇਆ ਵਿਅਕਤੀ ਹੋਸ਼ ਵਿੱਚ ਆ ਜਾਵੇ। ਡਾ. ਮੁਕੇਸ਼ ਗੁਪਤਾ ਨੇ ਦੱਸਿਆ ਕਿ 2 ਦਿਨ ਪਹਿਲਾਂ ਦਿੱਲੀ ਤੋਂ ਲੇਹ ਜਾਣ ਵਾਲੇ ਹਵਾਈ ਜਹਾਜ਼ ਵਿੱਚ ਫੌਜੀ ਜਵਾਨ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਸੀ। ਉਸੇ ਜਹਾਜ਼ ਵਿੱਚ ਉਸਦਾ ਪੁੱਤਰ ਵੀ ਸਫ਼ਰ ਕਰ ਰਿਹਾ ਸੀ ਜਿਸਨੇ ਇਹੀ ਤਕਨੀਕ ਵਰਤਦਿਆ ਹੋਇਆ ਉਸ ਫੌਜੀ ਜਵਾਨ ਦੀ ਜਾਨ ਬਚਾਈ। ਜਿਸ ਦੀ ਚਰਚਾ ਪੂਰੇ ਦੇਸ਼ ਵਿਦੇਸ਼ ਵਿੱਚ ਹੋ ਰਹੀ ਹੈ।
ਡਾ ਮੁਕੇਸ਼ ਗੁਪਤਾ ਨੇ ਦੱਸਿਆ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਵੀ ਸ਼ਿਲੌਂਗ ਵਿੱਚ ਭਾਸ਼ਣ ਦਿੰਦਿਆ ਹੋਇਆ ਅਚਾਨਕ ਦਿਲ ਦਾ ਦੌਰਾ ਪਿਆ ਸੀ ਪਰ ਜੇਕਰ ਉਹਨਾਂ ਦੇ ਦਿਲ ਨੂੰ ਵੀ ਮੌਕੇ ‘ਤੇ ਇਸ ਤਕਨੀਕ ਨਾਲ ਦਬਾਇਆ ਜਾਂਦਾ ਤਾਂ ਸ਼ਾਇਦ ਉਹਨਾਂ ਦੇ ਸਾਹ ਵਾਪਿਸ ਪਰਤ ਸਕਦੇ ਸਨ। ਉਹਨਾਂ ਕਿਹਾ ਕਿ ਇੱਕ ਸਰਵੇਖਣ ਅਨੁਸਾਰ ਇਸ ਤਕਨੀਕ ਦੀ ਜਾਣਕਾਰੀ ਸਿਰਫ 0.1 ਫੀਸਦੀ ਤੋਂ ਘੱਟ ਲੋਕਾਂ ਨੂੰ ਹੈ। ਡਾ: ਗੁਪਤਾ ਨੇ ਦੱਸਿਆ ਕਿ ਉਹ ਵਿਿਦਆਕ ਅਦਾਰਿਆਂ ਅਤੇ ਮੇਲਿਆਂ ਵਿੱਚ ਜਾ ਕੇ ਇਹ ਤਕਨੀਕ ਸਿਖਾਉਂਦੇ ਹਨ।
ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਾ. ਮੁਕੇਸ਼ ਗੁਪਤਾ ਦਾ ਧੰਨਵਾਦ ਕੀਤਾ। ਜਿਹਨਾਂ ਨੇ ਬੱਚਿਆਂ ਨੂੰ ਇਸ ਤਕਨੀਕ ਤੋਂ ਜਾਣੂ ਕਰਵਾਇਆ। ਉਹਨਾਂ ਸਕੂਲ ਦੇ ਸਟਾਫ ਨੂੰ ਵੀ ਇਸ ਗੱਲ ਦੀ ਤਾਕੀਦ ਕੀਤੀ ਕਿ ਉਹ ਬੱਚਿਆਂ ਨੂੰ ਇਹ ਸਿਖਲਾਈ ਦਾ ਲਗਾਤਾਰ ਅਭਿਆਸ ਕਰਾਉਣ ਤਾਂ ਜੋ ਸੰਕਟ ਵੇਲੇ ਬੱਚੇ ਅਪਾਣੇ ਦੋਸਤਾਂ ਮਿੱਤਰਾਂ ਜਾਂ ਹੋਰ ਪਰਿਵਾਰਿਕ ਮੈਂਬਰਾਂ ਨੂੰ ਬਚਾ ਸਕਣ। ਇਸ ਮੌਕੇ ਸੰਤ ਸੀਚੇਵਾਲ ਵੱਲੋਂ ਡਾ. ਮੁਕੇਸ਼ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਪ੍ਰਿਸੀਪਲ ਸਤਪਾਲ ਸਿੰਘ ਸਮੇਤ ਸਕੂਲ ਦੇ ਸਟਾਫ ਤੇ 800 ਦੇ ਕਰੀਬ ਵਿਿਦਆਰਥੀ ਇਸ ਸੈਮੀਨਾਰ ਵਿੱਚ ਹਾਜ਼ਰ ਸਨ।