ਮਲਸੀਆਂ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਏਡੀਸੀ ਅਮਿਤ ਮਹਾਜਨ, ਐੱਸਡੀਐੱਮ ਰਿਸ਼ਭ ਬਾਂਸਲ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ, ਈਓ ਚਰਨ ਦਾਸ ਤੇ ਹੋਰ।
ਸ਼ਾਹਕੋਟ, (ਪੰਜਾਬ ਸੇਵਕ
ਨਿਊਜ਼) : ਪਰਾਲੀ ਸਾੜਨ ਦੇ ਮਸਲਿਆਂ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।
ਇਸੇ ਤਹਿਤ ਏਡੀਸੀ ਜਲੰਧਰ ਅਮਿਤ ਮਹਾਜਨ ਵੱਲੋਂ ਮਲਸੀਆਂ ਵਿਖੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ
ਲਗਾਉਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਸ਼ਾਹਕੋਟ ਰਿਸ਼ਭ ਬਾਂਸਲ, ਨਾਇਬ ਤਹਿਸੀਲਦਾਰ
ਗੁਰਦੀਪ ਸਿੰਘ ਸੰਧੂ, ਨਗਰ ਪੰਚਾਇਤ ਸ਼ਾਹਕੋਟ ਦੇ ਕਾਰਜ ਸਾਧਕ ਅਫਸਰ ਚਰਨ ਦਾਸ, ਕਲਰਕ ਮਨਦੀਪ ਸਿੰਘ
ਕੋਟਲੀ ਵੀ ਉਨ੍ਹਾਂ ਦੇ ਨਾਲ ਸਨ।
ਇਸ
ਮੌਕੇ ਗੱਲਬਾਤ ਕਰਦਿਆਂ ਏਡੀਸੀ ਅਮਿਤ ਮਹਾਜਨ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਕਾਰਨ ਜਿਥੇ
ਵੱਡੇ ਹਾਦਸੇ ਵਾਪਰ ਰਹੇ ਹਨ, ਉੱਥੇ ਹੀ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਰਹੀ ਹੈ ਤੇ ਖੇਤੀ ਵਿਚ
ਸਹਿਯੋਗ ਕਰਨ ਵਾਲੇ ਮਿੱਤਰ ਕੀੜੇ ਵੀ ਨਸ਼ਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਵਾ ਵਿਚ ਧੂੰਆ ਮਿਲਣ
ਕਾਰਨ ਸਾਨੂੰ ਸਾਹ ਲੈਣ ਵਿਚ ਵੀ ਦਿੱਕਤ ਪੇਸ਼ ਆਉਂਦੀ ਹੈ ਅਤੇ ਖਾਸਕਰ ਦਿਲ ਤੇ ਦਮੇ ਦੇ ਮਰੀਜ਼ਾਂ
ਤੇ ਬਜ਼ੁਰਗਾਂ ਲਈ ਇਹ ਧੂੰਆਂ ਘਾਤਕ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ
ਪਰਾਲੀ ਦੀ ਸਾਂਭ ਸੰਭਾਲ ਲਈ ਸਰਫੇਸ ਸੀਡਰ ਮਸ਼ੀਨ ਦੀ ਵਰਤੋਂ ਕਰਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਨ
ਰਹਿਤ ਬਣਾਉਣ ਲਈ ਸਹਿਯੋਗ ਕਰਨ।
ਐੱਸਡੀਐੱਮ ਰਿਸ਼ਭ ਬਾਂਸਲ ਤੇ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਨੇ ਕਿਹਾ ਕਿ ਸ਼ਾਹਕੋਟ ਇਲਾਕੇ ਵਿਚ ਪਰਾਲੀ ਸਾੜਨ ਦੇ ਮਾਮਲੇ ਘਟੇ ਤਾਂ ਹਨ ਪਰ ਜ਼ੀਰੋ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਤੇ ਵਾਤਾਵਰਣ ਨੂੰ ਬਚਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਲਸੀਆਂ ਵਿਖੇ ਕਿਸਾਨ ਵੱਲੋਂ ਖੇਤਾਂ ‘ਚ ਪਰਾਲੀ ਨੂੰ ਅੱਗ ਲਗਾਈ ਗਈ ਸੀ ਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਨਾਲ ਲੈ ਕੇ ਅੱਗ ਨੂੰ ਬੁਝਾਇਆ ਗਿਆ ਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਕਿਹਾ ਗਿਆ। ਐੱਸਡੀਐੱਮ ਨੇ ਕਿਹਾ ਕਿ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਸਖਤ ਕਾਰਵਾਈ ਕੀਤੀ ਜਾਵੇਗੀ।