![]() |
ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐੱਸ.ਐੱਸ ਸਾਰੋਂ ਨਾਲ ਮੁਲਾਕਾਤ ਮੌਕੇ ਕੌਮੀ ਇਨਸਾਫ ਮੋਰਚਾ ਦਾ ਵਫਦ। |
ਚੰਡੀਗੜ੍ਹ, (ਪੰਜਾਬ ਸੇਵਕ ਨਿਊਜ਼) :
ਕੌਮੀ ਇਨਸਾਫ ਮੋਰਚਾ ਦੇ ਵਫਦ ਨੇ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ (ਸੇਵਾ ਮੁਕਤ) ਐੱਸ.ਐੱਸ ਸਾਰੋਂ ਨਾਲ
ਮੁਲਾਕਾਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੀਆਂ ਆਮ ਚੋਣਾਂ ਲਈ ਵੋਟਾਂ
ਬਣਾਉਣ ਦੀ ਪ੍ਰਕਿਰਿਆ ਨੂੰ ਫਰਵਰੀ ਤੱਕ ਵਧਾਉਣ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦਿਆਂ ਮੋਰਚੇ ਦੇ ਕਨਵੀਨਰ
ਭਾਈ ਪਾਲ ਸਿੰਘ ਫਰਾਂਸ ਨੇ ਦੱਸਿਆ ਕਿ ਜਸਟਿਸ ਐੱਸ.ਐੱਸ ਸਾਰੋਂ ਨਾਲ ਕੀਤੀ ਮੁਲਾਕਾਤ ਵਿਚ ਵੱਖ-ਵੱਖ
ਮੁੱਦੇ ਉਭਾਰੇ ਗਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਸਿੱਖ ਵੋਟਰਾਂ ਦੀਆਂ ਵੋਟਾਂ ਬਣਾਉਣ
ਦੀ ਪ੍ਰਕਿਰਿਆ 15 ਨਵੰਬਰ ਤੱਕ ਨਿਰਧਾਰਿਤ ਕੀਤੀ ਗਈ ਹੈ ਪਰ ਕਿਸਾਨੀ ਸੀਜ਼ਨ ‘ਚ ਰੁੱਝੇ ਹੋਣ ਕਰਕੇ ਪੇਂਡੂ
ਖੇਤਰ ਦੇ ਬਹੁ ਗਿਣਤੀ ਸਿੱਖ ਆਪਣੀ ਵੋਟ ਨਹੀਂ ਬਣਾ ਸਕਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪੇਂਡੂ ਖੇਤਰਾਂ
ਵਿਚ ਵੋਟ ਬਣਾਉਣ ਲਈ ਪਟਵਾਰੀਆਂ ਦੀਆਂ ਡਿਊਟੀਆ ਲਾਈਆਂ ਹਨ ਪਰ ਉਨ੍ਹਾਂ ਕੋਲ ਫਾਰਮ ਹੀ ਨਹੀਂ ਮਿਲ ਰਹੇ
ਤੇ ਨਾ ਹੀ ਉਨ੍ਹਾਂ ਕੋਲ ਸਮਾਂ ਹੈ। ਕੌਮੀ ਇਨਸਾਫ ਮੋਰਚੇ ਦੇ ਵਫਦ ਨੇ ਮੰਗ ਕੀਤੀ ਕਿ ਵੋਟ ਬਣਾਉਣ ਦੀ
ਪ੍ਰਕਿਰਿਆ ਫਰਵਰੀ ਤੱਕ ਜਾਰੀ ਰੱਖੀ ਜਾਵੇ ਤੇ ਬੀਐੱਲਓ ਦੀਆਂ ਡਿਊਟੀਆਂ ਲਾਈਆਂ ਜਾਣ ਤਾਂ ਜੋ ਸਮੁੱਚੇ
ਸਿੱਖ ਵੋਟਰ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼ਮੂਲੀਅਤ ਕਰ
ਸਕਣ। ਇਸ ਤੋਂ ਇਲਾਵਾ ਫਾਰਮ ‘ਤੇ ਹਰ ਵੋਟਰ ਦੀ ਫੋਟੋ ਲਾਉਣੀ ਜ਼ਰੂਰੀ
ਕਰਾਰ ਦਿੱਤੀ ਜਾਵੇ ਤਾਂ ਜੋ ਚੋਣਾਂ ਵਿਚ ਕੋਈ ਵੀ ਗਲਤ ਵੋਟਰ ਵੋਟ ਨਾ ਪਾ ਸਕੇ।
ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐੱਸ.ਐੱਸ ਸਾਰੋਂ ਨੇ ਕੌਮੀ ਇਨਸਾਫ ਮੋਰਚੇ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗਾਂ ‘ਤੇ ਪੂਰੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਵਫਦ ਵਿਚ ਐਡਵੋਕੇਟ ਦਿਲਸ਼ੇਰ ਸਿੰਘ, ਗੁਰਸ਼ਰਨ ਸਿੰਘ, ਜਸਵਿੰਦਰ ਸਿੰਘ ਰਾਜਪੁਰਾ, ਇੰਦਰਵੀਰ ਸਿੰਘ ਤੇ ਹੋਰ ਨੁਮਾਇੰਦੇ ਸ਼ਾਮਲ ਸਨ।