AD

Type Here to Get Search Results !

ਪੁਲਿਸ ਨੇ ਮੀਏਂਵਾਲ ਮੌਲਵੀਆਂ ਕਤਲ ਕਾਂਡ ਦੀ ਗੁੱਥੀ ਸੁਲਝਾਈ, ਕਾਤਲਾਂ ਬਾਰੇ ਹੋਇਆ ਵੱਡਾ ਖੁਲਾਸਾ

 

ਜਾਣਕਾਰੀ ਦਿੰਦੇ ਹੋਏ ਡੀਐੱਸਪੀ ਨਰਿੰਦਰ ਸਿੰਘ ਔਜਲਾ, ਐੱਸਐੱਚਓ ਜਸਵਿੰਦਰ ਸਿੰਘ ਤੇ ਇੰਸਪੈਕਟਰ ਬਲਕਾਰ ਸਿੰਘ।

ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਪਿੰਡ ਮੀਏਂਵਾਲ ਮੌਲਵੀਆਂ (ਸ਼ਾਹਕੋਟ) ਵਿਖੇ ਨੌਜਵਾਨ ਦਾ ਕਤਲ ਉਸਦੀ ਪਤਨੀ ਤੇ ਤਿੰਨ ਸਾਥੀਆਂ ਵੱਲੋਂ ਹੀ ਕੀਤਾ ਗਿਆ ਸੀ। ਕਤਲ ਦੀ ਵਾਰਦਾਤ ਨੂੰ ਸ਼ਾਹਕੋਟ ਪੁਲਿਸ ਨੇ 12 ਘੰਟਿਆਂ ਵਿਚ ਹੀ ਟਰੇਸ ਕਰਕੇ 3 ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇਕ ਮੁਲਜ਼ਮ ਫਰਾਰ ਹੈ।

ਪ੍ਰੈੱਸ ਕਾਨਫਰੰਸ ਵਿਚ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਖੁਲਾਸਾ ਕਰਦਿਆਂ ਡੀਐੱਸਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ, ਐੱਸਐੱਚਓ ਜਸਵਿੰਦਰ ਸਿੰਘ ਤੇ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਕਤਲ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਆਰੰਭ ਕੀਤੀ ਗਈ ਸੀ। ਮ੍ਰਿਤਕ ਸੂਰਜ ਕੁਮਾਰ ਦੀ ਪਤਨੀ ਮਨਦੀਪ ਕੌਰ ਉਰਫ ਅਮਨ ਕੋਲੋਂ ਕੀਤੀ ਪੁੱਛਗਿੱਛ ਵਿਚ ਉਸ ਨੇ ਦੱਸਿਆ ਕਿ ਉਸ ਦਾ ਵਿਆਹ 2010 ਵਿਚ ਹੋਇਆ ਸੀ। ਉਸ ਦਾ ਪਤੀ ਸੂਰਜ ਕੁਮਾਰ ਰੋਜ਼ਾਨਾ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਆ ਰਿਹਾ ਸੀ, ਜਿਸ ਕਾਰਨ ਉਹ ਆਪਣੇ ਪਤੀ ਤੋਂ ਦੁਖੀ ਸੀ। ਇਸੇ ਸਮੇਂ ਦੌਰਾਨ ਉਸਦੀ ਮੁਲਾਕਾਤ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਸੈਦਪੁਰ ਝਿੜੀ (ਸ਼ਾਹਕੋਟ) ਨਾਲ ਹੋਈ। ਮਨਦੀਪ ਆਪਣੇ ਘਰ ਦੀ ਸਾਰੀ ਗੱਲਬਾਤ ਗੁਰਪ੍ਰੀਤ ਸਿੰਘ ਨੂੰ ਦੱਸਣ ਲੱਗ ਪਈ। ਹਫਤਾ ਪਹਿਲਾਂ ਜਦੋਂ ਸੂਰਜ ਨੇ ਮਨਦੀਪ ਨਾਲ ਕੁੱਟਮਾਰ ਕੀਤੀ ਤਾਂ ਉਹ ਪੇਕੇ ਆ ਗਈ। ਇਸ ਤੋਂ ਬਾਅਦ ਮਨਦੀਪ ਕੌਰ ਤੇ ਗੁਰਪ੍ਰੀਤ ਸਿੰਘ ਨੇ ਮਿਲ ਕੇ ਕਤਲ ਦੀ ਸਾਜਿਸ਼ ਰਚੀ ਤੇ ਵਾਰਦਾਤ ਨੂੰ ਐਤਵਾਰ ਰਾਤ ਕਰੀਬ 11 ਵਜੇ ਅੰਜਾਮ ਦਿੱਤਾ। ਵਾਰਦਾਤ ਵਿਚ ਗੁਰਪ੍ਰੀਤ ਦੇ 2 ਹੋਰ ਸਾਥੀ ਜੋਬਨਪ੍ਰੀਤ ਸਿੰਘ ਵਾਸੀ ਕਿਲੀ ਅਤੇ ਹਰਜਿੰਦਰ ਸਿੰਘ ਵਾਸੀ ਜਗਰਾਲ (ਜਮਸ਼ੇਰ) ਵੀ ਸ਼ਾਮਲ ਸਨ। ਸੂਰਜ ਕੁਮਾਰ ਦੇ ਘਰ ਜਾ ਕੇ ਮੁਲਜ਼ਮਾਂ ਨੇ ਦਾਤਰਾਂ ਨਾਲ ਉਸ ਦੇ ਸਿਰ ਵਿਚ ਸੱਟਾਂ ਮਾਰੀਆਂ, ਜਿਸ ਕਾਰਨ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਚਾਰੇ ਮੁਲਜ਼ਮ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਫਰਾਰ ਹੋ ਗਏ।

ਡੀਐੱਸਪੀ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਮਨਦੀਪ ਕੌਰ, ਗੁਰਪ੍ਰੀਤ ਸਿੰਘ ਤੇ ਜੋਬਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਇਨ੍ਹਾਂ ਦਾ ਇਕ ਹੋਰ ਸਾਥੀ ਹਰਜਿੰਦਰ ਸਿੰਘ ਫਰਾਰ ਹੈ। ਉਸਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt