AD

Type Here to Get Search Results !

ਜੀਵਨੀ : ਰਤਨ ਸਿੰਘ ਕਾਕੜ ਕਲਾਂ ਦੀ ਸਖਸ਼ੀਅਤ 'ਤੇ ਇਕ ਝਾਤ

ਗਰੀਬਾਂ ਦੀ ਭਲਾਈ ਲਈ ਰਾਜਨੀਤੀ 'ਚ ਆਏ ਸਨ ਕਾਕੜ ਕਲਾਂ

ਸਵ. ਰਤਨ ਸਿੰਘ ਕਾਕੜ ਕਲਾਂ
ਹਲਕਾ ਇੰਚਾਰਜ ਸ਼ਾਹਕੋਟ।

ਕੁਝ ਇਨਸਾਨ ਆਪਣੇ ਜੀਵਨ ਕਾਲ ਦੌਰਾਨ ਅਜਿਹੇ ਕੰਮ ਕਰਦੇ ਹਨ, ਜਿਨ੍ਹਾਂ ਕਰਕੇ ਮੌਤ ਤੋਂ ਬਾਅਦ ਵੀ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ। ਅਜਿਹੀ ਹੀ ਸਖਸ਼ੀਅਤ ਦੇ ਮਾਲਕ ਸਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ। ਉਨ੍ਹਾਂ ਇਕ ਸਿਆਸੀ ਲੀਡਰ ਦੇ ਤੌਰ ‘ਤੇ ਕੰਮ ਨਾ ਕਰਦਿਆਂ ਇਕ ਅਸਲੀ ਸਮਾਜ ਸੇਵਕ ਵਜੋਂ ਕੰਮ ਕੀਤਾ, ਜਿਸਦੇ ਅੰਦਰ ਇਲਾਕੇ ਦੇ ਲੋਕਾਂ ਦੀ ਜਿੰਦਗੀ ਬਿਹਤਰ ਬਣਾਉਣ ਤੇ ਉਨ੍ਹਾਂ ਦਾ ਭਲਾ ਕਰਨ ਦੀ ਤਾਂਘ ਸੀ। ਭਾਵੇਂ ਸਰਕਾਰ ਵਿਚ ਰਹਿੰਦਿਆਂ ਰਤਨ ਸਿੰਘ ਨੂੰ ਬਹੁਤਾ ਸਮਾਂ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ, ਪਰ ਇਕ ਦਹਾਕੇ ਤੋਂ ਵੱਧ ਦਾ ਸਮਾਂ ਉਨ੍ਹਾਂ ਨੇ ਸਮਾਜ ਸੇਵੀ ਵਜੋਂ ਵਿਚਰਦਿਆਂ ਕਈ ਅਜਿਹੇ ਕੰਮ ਕੀਤੇ, ਜਿਸ ਸਦਕਾ ਉਨ੍ਹਾਂ ਨੇ ਲੋਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਈ।

ਕਿਸਾਨੀ ਮੋਰਚੇ ਦੌਰਾਨ ਸਿੰਘੂ ਬਾਰਡਰ 'ਤੇ ਮਾਲੀ ਮਦਦ ਦੇਣ ਮੌਕੇ ਰਤਨ ਸਿੰਘ ਕਾਕੜ ਕਲਾਂ, ਬੀਬੀ ਰਣਜੀਤ ਕੌਰ ਕਾਕੜ ਤੇ ਹੋਰ।

ਰਤਨ ਸਿੰਘ ਦੀ ਜਿੰਦਗੀ ‘ਤੇ ਝਾਤ ਮਾਰੀਏ ਤਾਂ ਉਨ੍ਹਾਂ ਦਾ ਜੀਵਨ ਸੰਘਰਸ਼ਮਈ ਸੀ। 2 ਅਪ੍ਰੈਲ 1955 ਨੂੰ ਮਾਤਾ ਚੰਨਣ ਕੌਰ ਦੀ ਕੁੱਖੋਂ ਤੇ ਪਿਤਾ ਹਰੀ ਸਿੰਘ ਦੇ ਘਰ ਪਿੰਡ ਕਾਕੜ ਕਲਾਂ ਵਿਖੇ ਰਤਨ ਸਿੰਘ ਦਾ ਜਨਮ ਹੋਇਆ। ਆਪ ਚਾਰ ਭਰਾ ਤੇ ਇਕ ਭੈਣ ਸਨ। ਆਪ ਦੀ ਉਮਰ ਸਿਰਫ 5 ਸਾਲ ਸੀ, ਜਦੋਂ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਅਤਿ ਦੀ ਗਰੀਬੀ ਕਾਰਨ ਆਪ ਜਿਆਦਾ ਪੜ੍ਹ ਨਾ ਸਕੇ। ਘਰ ਦੇ ਅਜਿਹੇ ਹਾਲਾਤ ਸਨ ਕਿ ਜਦੋਂ ਉਹ ਪੰਜਵੀਂ ਦਾ ਇਮਤਿਹਾਨ ਦੇਣ ਸਕੂਲ ਗਏ ਤਾਂ ਗੁਆਂਢੀਆਂ ਕੋਲੋਂ ਚੱਪਲ ਮੰਗ ਕੇ ਗਏ ਸਨ। 16 ਸਾਲ ਦੀ ਉਮਰ ‘ਚ ਰਤਨ ਸਿੰਘ ਦੁਬਈ ਚਲੇ ਗਏ, ਜਿੱਥੇ ਉਨ੍ਹਾਂ ਬਹੁਤ ਸੰਘਰਸ਼ ਕੀਤਾ। ਦੁਬਈ ਵਿਚ ਸਖਤ ਮਿਹਨਤ ਕਰਦਿਆਂ ਲੇਬਰ ਤੇ ਡਰਾਈਵਰ ਤੱਕ ਦਾ ਕੰਮ ਕੀਤਾ। ਆਪ ਦਾ ਇਰਾਦਾ ਦ੍ਰਿੜ ਸੀ ਕਿ ਮਿਹਨਤ ਜਾਰੀ ਰੱਖਦਿਆਂ ਠੇਕੇਦਾਰ ਬਣੇ ਤੇ ਫਿਰ ਕੰਸਟ੍ਰਕਸ਼ਨ ਕੰਪਨੀ ਖੋਲ੍ਹੀ। ਇਸ ਤੋਂ ਬਾਅਦ ਉਹ ਰੀਅਲ ਅਸਟੇਟ ਦੇ ਕੰਮ ਵਿਚ ਆ ਗਏ ਤੇ ਇਕ ਕਾਰੋਬਾਰੀ ਵਜੋਂ ਵਿਚਰਨ ਲੱਗੇ। 1988 ਵਿਚ ਰਤਨ ਸਿੰਘ ਦਾ ਵਿਆਹ ਪ੍ਰਸਿੱਧ ਕਵੀ ਅਨੂਪ ਸਿੰਘ ਨੂਰੀ ਦੀ ਬੇਟੀ ਰਣਜੀਤ ਕੌਰ ਨਾਲ ਹੋਇਆ ਤੇ ਆਪ ਦੇ ਘਰ ਪਰਮਾਤਮਾ ਨੇ ਦੋ ਪੁੱਤਰਾਂ ਤੇ ਦੋ ਬੇਟੀਆਂ ਦੀ ਦਾਤ ਬਖਸ਼ੀ। ਆਪ ਨੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ, ਜਿਸ ਸਦਕਾ ਅੱਜ ਬੇਟਾ ਰਵੀਪਾਲ ਸਿੰਘ ਅਮਰੀਕਾ ਵਿਚ ਡਾਕਟਰ ਤੇ ਦੂਜਾ ਬੇਟਾ ਇੰਜੀਨੀਅਰ ਰਣਬੀਰ ਸਿੰਘ, ਰਤਨ ਸਿੰਘ ਹੁਰਾਂ ਦਾ ਦੁਬਈ ਵਿਚ ਕਾਰੋਬਾਰ ਦੇਖ ਰਿਹਾ ਹੈ। ਬੇਟੀ ਰਾਜਬੀਰ ਕੌਰ ਸਿਵਲ ਇੰਜੀਨੀਅਰ ਹੈ ਤੇ ਆਪਣੇ ਪਤੀ ਨਾਲ ਦੁਬਈ ਵਿਖੇ ਕੰਸਟ੍ਰਕਸ਼ਨ ਦਾ ਕਾਰੋਬਾਰ ਕਰ ਰਹੀ ਹੈ ਅਤੇ ਇਕ ਬੇਟੀ ਸੁਖਮਨਜੋਤ ਕੌਰ ਪੰਜਾਬ ਵਿਚ ਰਹਿ ਕੇ ਪੀਐੱਚਡੀ ਕਰ ਰਹੀ ਹੈ।

2020 ਵਿਚ ਦੁਬਈ ਵਿਖੇ ਹੋਏ ਦਸਤਾਰ ਮੁਕਾਬਲੇ ਦੌਰਾਨ ਰਤਨ ਸਿੰਘ ਕਾਕੜ ਕਲਾਂ ਦੀ ਯਕੌਬ ਮੂਸਾ ਮੁਹੰਮਦ ਤੇ ਹੋਰ ਪਤਵੰਤਿਆਂ ਨਾਲ ਯਾਦਗਾਰੀ ਤਸਵੀਰ।

ਦੁਬਈ ਵਿਖੇ ਕੰਮ ਕਰਦਿਆਂ ਰਤਨ ਸਿੰਘ ਧਾਰਮਿਕ ਕੰਮਾਂ ਵਿਚ ਵੀ ਹਿੱਸਾ ਲੈਣ ਲੱਗੇ ਤੇ ਕਈ ਵੱਡੇ ਸਿੱਖ ਪ੍ਰਚਾਰਕਾਂ ਨਾਲ ਆਪ ਦੇ ਚੰਗੇ ਸਬੰਧ ਬਣੇ। 2007 ਤੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨਾਲ ਜੁੜੇ। ਪਿੰਡ ਕਾਕੜ ਕਲਾਂ ਵਿਚ ਗੁਰਮਤਿ ਪ੍ਰਚਾਰ ਕੇਂਦਰ ਆਰੰਭ ਕਰਕੇ ਆਲੇ-ਦੁਆਲੇ ਦੇ ਪਿੰਡਾਂ, ਸਕੂਲਾਂ ਵਿਚ ਗੁਰਬਾਣੀ ਇਤਿਹਾਸ, ਸਿੱਖ ਰਹਿਤ ਮਰਿਯਾਦਾ ਦੇ ਪ੍ਰਚਾਰ ਪ੍ਰਸਾਰ ਲਈ ਵਡਮੁੱਲਾ ਯੋਗਦਾਨ ਪਾਇਆ। ਪਿੰਡ ਵਿਚ ਗਿਆਨੀ ਦਿੱਤ ਸਿੰਘ ਜੀ ਦੇ ਨਾਂ ‘ਤੇ ਲਾਇਬ੍ਰੇਰੀ ਬਣਾਈ ਅਤੇ ਦੁਬਈ ਵਿਚ ਮੌਜੂਦਾ ਸਮੇਂ ਵੀ ਧਾਰਮਿਕ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਸਨ।

2017 ਵਿਚ ਰਤਨ ਸਿੰਘ ਕਾਕੜ ਕਲਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਆਪਣੀ ਜਮੀਨ 'ਚੋਂ ਦਿੱਤੇ ਪਲਾਟਾਂ ਸਬੰਧੀ ਪ੍ਰਕਾਸ਼ਿਤ ਖਬਰ।

ਰਤਨ ਸਿੰਘ ਕਾਕੜ ਕਲਾਂ ਦੀ ਇੱਛਾ ਸੀ ਕਿ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ ਜਾਵੇ। ਇਸ ਲਈ ਉਨ੍ਹਾਂ ਰਾਜਨੀਤੀ ਵਿਚ ਆਉਣ ਦਾ ਫੈਸਲਾ ਕੀਤਾ, ਕਿਉਂਕਿ ਉਸ ਸਮੇਂ ਦੀਆਂ ਹੁਕਮਰਾਨ ਧਿਰਾਂ ਆਪ ਨੂੰ ਚੰਗੀ ਤਰ੍ਹਾਂ ਕੰਮ ਨਹੀਂ ਸੀ ਕਰਨ ਦੇ ਰਹੀਆਂ। 2012 ਵਿਚ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਰਤਨ ਸਿੰਘ ਪਾਰਟੀ ਵਿਚ ਸ਼ਾਮਲ ਹੋ ਗਏ। 2014 ਤੋਂ ਪਾਰਟੀ ਲਈ ਸਰਗਰਮੀ ਨਾਲ ਕੰਮ ਸ਼ੁਰੂ ਕੀਤਾ। ਉਨ੍ਹਾਂ ਦੇ ਦਿਲ ਵਿਚ ਗਰੀਬ ਲੋਕਾਂ ਦੀ ਭਲਾਈ ਲਈ ਇਨੀਂ ਤਾਂਘ ਸੀ ਕਿ 2017 ਵਿਚ ਆਪਣੀ ਜੱਦੀ ਜਮੀਨ ਵਿਚੋਂ 5-5 ਮਰਲੇ ਦੇ 22 ਪਲਾਟ ਦਿੱਤੇ। 2019 ਦੇ ਹੜ੍ਹਾਂ ਦੌਰਾਨ ਵੀ ਨਿਰਸਵਾਰਥ ਹੋ ਕੇ ਲੋਕਾਂ ਦੀ ਸੇਵਾ ਕੀਤੀ। ਇਸ ਸਾਲ ਆਏ ਹੜ੍ਹਾਂ ਦੌਰਾਨ ਵੀ ਬੇਘਰ ਹੋਏ ਲੋੜਵੰਦ ਪਰਿਵਾਰਾਂ ਨੂੰ ਪਲਾਟ ਦਿੱਤੇ ਹਨ, ਜਿੱਥੇ ਇਕ ਸਮਾਜ ਸੇਵੀ ਸੁਸਾਇਟੀ ਦੇ ਸਹਿਯੋਗ ਨਾਲ 40 ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਦਾ ਪ੍ਰਾਜੈਕਟ ਜਾਰੀ ਹੈ। ਕੋਰੋਨਾ ਕਾਲ ਦੌਰਾਨ ਵੀ ਆਪਣੀ ਗੱਡੀ ‘ਤੇ ਸਪੀਕਰ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ-ਪਿੰਡ ਗਏ। ਸਿਰਫ ਇਨਾਂ ਹੀ ਨਹੀਂ, ਵਾਤਾਵਰਣ ਦੀ ਸੰਭਾਲ ਲਈ ਗੁਰੂ ਨਾਨਕ ਜੰਗਲ ਬਣਾਉਣ ਵਾਸਤੇ ਆਪਣੀ 2 ਕਨਾਲ ਜਮੀਨ ਦਿੱਤੀ। ਨੌਜਵਾਨਾਂ ਨੂੰ ਨਸ਼ੇ ਨਾ ਕਰਨ ਸਬੰਧੀ ਜਾਗਰੂਕ ਕਰਨ ਲਈ ਇਲਾਕੇ ਵਿਚ ਨਸ਼ਾ ਛੁਡਾਊ ਮਾਰਚ ਕੱਢੇ। ਆਪ 25 ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਰਦੇ ਤੇ ਹਰ ਸਾਲ ਅੱਖਾਂ ਦਾ ਮੁਫਤ ਕੈਂਪ ਵੀ ਲਗਾਉਂਦੇ ਸਨ। ਕਿਸਾਨੀ ਮੋਰਚੇ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ।

ਆਪਣੇ ਗ੍ਰਹਿ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਲੋੜਵੰਦ ਪਰਿਵਾਰਾਂ ਦੇ ਕੰਮ ਕਰਵਾਉਣ ਮੌਕੇ ਰਤਨ ਸਿੰਘ ਕਾਕੜ ਕਲਾਂ ਦੀ ਪੁਰਾਣੀ ਤਸਵੀਰ।

ਰਤਨ ਸਿੰਘ ਨੇ ਹਲਕਾ ਸ਼ਾਹਕੋਟ ਤੋਂ ‘ਆਪ’ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ਲੜ੍ਹੀਆਂ। ਚੋਣ ਜਿੱਤਣ ‘ਚ ਕਾਮਯਾਬ ਨਾ ਹੋਣ ਦੇ ਬਾਵਜੂਦ ਵੀ ਆਪ ਘਰ ਨਹੀਂ ਬੈਠੇ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਜੁੱਟ ਗਏ। ਆਪ ਹਲਕਾ ਨਿਵਾਸੀਆਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਰਹੇ ਅਤੇ ਇਲਾਕੇ ਦੇ ਵਿਕਾਸ ਲਈ ਵੀ ਲਗਾਤਾਰ ਤਤਪਰ ਰਹੇ। ਮੌਜੂਦਾ ਸਮੇਂ ਰਤਨ ਸਿੰਘ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਸਨ। ਆਮ ਤੌਰ ‘ਤੇ ਲੋਕਾਂ ਵਿਚ ਇਹੀ ਚਰਚਾ ਰਹਿੰਦੀ ਹੈ ਕਿ ਲੀਡਰ ਰਾਜਨੀਤੀ ਵਿਚ ਪੈਸਾ ਕਮਾਉਣ ਆਉਂਦੇ ਹਨ ਪਰ ਰਤਨ ਸਿੰਘ ਕਾਕੜ ਕਲਾਂ ਨੇ ਅਸਲ ਮਾਇਨਿਆਂ ਵਿਚ ਇਮਾਨਦਾਰੀ ਨਾਲ, ਬੇਦਾਗ ਤੇ ਸਾਫ-ਸੁਥਰੀ ਰਾਜਨੀਤੀ ਕੀਤੀ। ਉਨ੍ਹਾਂ ਦੀ ਪਤਨੀ ਰਣਜੀਤ ਕੌਰ ਵੀ ਆਪ ਦਾ ਪੂਰਾ ਸਹਿਯੋਗ ਕਰਦੇ ਸਨ ਅਤੇ ਮੌਜੂਦਾ ਸਮੇਂ ਉਹ ਵੀ ਪੂਰੀ ਸਰਗਰਮੀ ਨਾਲ ਇਲਾਕੇ ਵਿਚ ਵਿਚਰ ਰਹੇ ਹਨ।

'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਐੱਮਪੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੁਸ਼ੀਲ ਰਿੰਕੂ ਨਾਲ ਸਵ. ਰਤਨ ਸਿੰਘ ਕਾਕੜ ਕਲਾਂ ਦੀਆਂ ਪੁਰਾਣੀਆਂ ਤਸਵੀਰਾਂ।

13 ਦਸੰਬਰ 2023 ਨੂੰ ਪੇਟ ਦੀ ਇਨਫੈਕਸ਼ਨ ਕਾਰਨ ਰਤਨ ਸਿੰਘ ਕਾਕੜ ਕਲਾਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਪਿੰਡ ਕਾਕੜ ਕਲਾਂ ਵਿਖੇ 23 ਦਸੰਬਰ ਦਿਨ ਸ਼ਨੀਵਾਰ ਨੂੰ ਹੋਵੇਗੀ, ਜਿੱਥੇ ਵੱਡੀ ਗਿਣਤੀ ਵਿਚ ਪੰਜਾਬ ਦੀਆਂ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਸਮੇਤ ਇਲਾਕੇ ਦੇ ਲੋਕ ਆਪਣੇ ਮਹਿਬੂਬ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।

ਪੇਸ਼ਕਸ਼ : ਪ੍ਰਿਤਪਾਲ ਸਿੰਘ ਸ਼ਾਹਕੋਟ।

ਮੋ : 98881-20180

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt