AD

Type Here to Get Search Results !

ਹਲਕਾ ਸ਼ਾਹਕੋਟ ‘ਚ ‘ਆਪ’ ਨੂੰ ਲੱਗੇਗਾ 'ਦੋਹਰਾ' ਝਟਕਾ, ਵੱਡੇ ਆਗੂ ਛੱਡ ਰਹੇ ਪਾਰਟੀ

 ਹਲਕਾ ਸ਼ਾਹਕੋਟ ਦੇ ਬਦਣਗੇ ਸਿਆਸੀ ਸਮੀਕਰਨ

ਸ਼ਾਹਕੋਟ, (ਪ੍ਰਿਤਪਾਲ ਸਿੰਘ) : ਲੋਕ ਸਭਾ ਚੋਣਾਂ ਸਬੰਧੀ ਭੱਖੇ ਮਾਹੌਲ ਵਿਚ ਦਲ ਬਦਲੀਆਂ ਦਾ ਦੌਰ ਲਗਾਤਾਰ ਜਾ ਰਹੀ ਹੈ। ਇਸੇ ਤਹਿਤ ਹਲਕਾ ਸ਼ਾਹਕੋਟ ਵਿਚ ਆਮ ਆਦਮੀ ਪਾਰਟੀ ਨੂੰ ਸੋਮਵਾਰ ਨੂੰ ਦੋ ਵੱਡੇ ਝਟਕੇ ਲੱਗਣ ਜਾ ਰਹੇ ਹਨ। ਇਕ ਹੀ ਦਿਨ ‘ਚ ‘ਆਪ’ ਨੂੰ ਲੱਗਣ ਜਾ ਰਹੇ ਦੋਹਰੇ ਝਟਕਿਆਂ ਨਾਲ ਸ਼ਾਹਕੋਟ ਦੀ ਸਿਆਸਤ ਵਿਚ ਬਦਲਾਅ ਦੇਖਣ ਨੂੰ ਮਿਲੇਗਾ ਤੇ ਸਿਆਸੀ ਸਮੀਕਰਨ ਵੀ ਬਦਲਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਸੀਨੀਅਰ ‘ਆਪ’ ਆਗੂ ਰਾਣਾ ਹਰਦੀਪ ਸਿੰਘ ਭਾਰਤੀ ਜਨਤਾ ਪਾਰਟੀ ਅਤੇ ‘ਆਪ’ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਆਗੂ ਤਜਿੰਦਰ ਸਿੰਘ ਰਾਮਪੁਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ਜਾ ਰਹੇ ਹਨ।

ਰਾਣਾ ਹਰਦੀਪ ਸਿੰਘ।

ਜਲੰਧਰ ਜਿਮਨੀ ਚੋਣ ਸਮੇਂ ‘ਆਪ’ ਵਿਚ ਸ਼ਾਮਲ ਹੋਏ ਰਾਣਾ ਹਰਦੀਪ ਸਿੰਘ ਵੱਲੋਂ ਆਮ ਆਦਮੀ ਪਾਰਟੀ ‘ਚ ‘ਮਾਣ’ ਨਾ ਮਿਲਣ ‘ਤੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹਿਆ ਜਾ ਰਿਹਾ ਹੈ। ਜਿਮਨੀ ਚੋਣ ਸਮੇਂ ਹਲਕਾ ਸ਼ਾਹਕੋਟ ਤੋਂ ‘ਆਪ’ ਉਮੀਦਵਾਰ ਨੂੰ ਲੀਡ ਦਿਵਾਉਣ ਵਿਚ ਰਾਣਾ ਹਰਦੀਪ ਨੇ ਅਹਿਮ ਭੂਮਿਕਾ ਨਿਭਾਈ ਸੀ। ਗੱਲਬਾਤ ਦੌਰਾਨ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਕ ਸਾਲ ਦੀ ਚੰਗੀ ਕਾਰਗੁਜ਼ਾਰੀ ਨੂੰ ‘ਆਪ’ ਲੀਡਰਸ਼ਿਪ ਨੇ ਮਾਣ ਨਹੀਂ ਬਖਸ਼ਿਆ। ਪਾਰਟੀ ਦੀਆਂ ਮੀਟਿੰਗਾਂ ਵਿਚ ਵੀ ਕਦੇ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ। ਨਾ ਤਾਂ ਸਰਕਾਰ ਵਿਚ ਤੇ ਨਾ ਹੀ ਪਾਰਟੀ ਵਿਚ ਕੋਈ ਅਹੁਦਾ ਦਿੱਤਾ ਗਿਆ। ਰਾਣਾ ਨੇ ਕਿਹਾ ਕਿ ਕਾਂਗਰਸ ਤੇ ਹੋਰ ਪਾਰਟੀਆਂ ਨੂੰ ਛੱਡ ਕੇ ਆਏ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਨਾਮੌਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਲਈ ਉਨ੍ਹਾਂ ਸਮੇਂ ਸਿਰ ਆਮ ਆਦਮੀ ਪਾਰਟੀ ਨੂੰ ਛੱਡਦਿਆਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਸੋਮਵਾਰ ਨੂੰ ਰਸਮੀ ਤੌਰ ‘ਤੇ ਚੰਡੀਗੜ੍ਹ ਵਿਖੇ ਉਹ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ‘ਚ ਆਪਣੇ ਸਮਰਥਕਾਂ ਸਮੇਤ ਭਾਜਪਾ ਵਿਚ ਸ਼ਮੂਲੀਅਤ ਕਰਨਗੇ।

ਤਜਿੰਦਰ ਸਿੰਘ ਰਾਮਪੁਰ।

ਇਸੇ ਤਰ੍ਹਾਂ ‘ਆਪ’ ਆਗੂ ਤਜਿੰਦਰ ਸਿੰਘ ਰਾਮਪੁਰ ਅਕਾਲੀ ਲੀਡਰਸ਼ਿਪ ਨਾਲ ਨਾਰਾਜ਼ਗੀਆਂ ਕਾਰਨ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ‘ਆਪ’ ਵਿਚ ਸ਼ਾਮਲ ਹੋ ਗਏ ਸਨ ਅਤੇ ਹੁਣ 7 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ‘ਘਰ ਵਾਪਸੀ’ ਕਰਨਗੇ। ਉਨ੍ਹਾਂ ਨੂੰ ਸ਼ਾਮਲ ਕਰਵਾਉਣ ਲਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਤੇ ਅਕਾਲੀ ਉਮੀਦਵਾਰ ਮਹਿੰਦਰ ਸਿੰਘ ਕੇਪੀ ਸੋਮਵਾਰ ਨੂੰ 11 ਵਜੇ ਪਿੰਡ ਰਾਮਪੁਰ ਵਿਖੇ ਪਹੁੰਚ ਰਹੇ ਹਨ, ਜਿੱਥੇ ਤਜਿੰਦਰ ਸਿੰਘ ਰਾਮਪੁਰ ਤੇ ਉਨ੍ਹਾਂ ਦੇ ਸਾਥੀਆਂ ਦੀ ਘਰ ਵਾਪਸੀ ਕਰਵਾਈ ਜਾਵੇਗੀ। ਤਜਿੰਦਰ ਸਿੰਘ ਰਾਮਪੁਰ ਨੇ ਕਿਹਾ ਕਿ ਹੁਣ ਜੋ ਲੋਕ ਸਭਾ ਦੀ ਲੜ੍ਹਾਈ ਹੈ, ਉਹ ਦਿੱਲੀ ਤੋਂ ਚੱਲਣ ਵਾਲੀਆਂ ਧਿਰਾਂ ਤੇ ਪੰਜਾਬ ਤੇ ਪੰਥ ਦੀ ਗੱਲ ਕਰਨ ਵਾਲੀਆਂ ਧਿਰਾਂ ਦੀ ਹੈ। ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਤੇ ਇਸ ਲਈ ਪੰਥ ਦੇ ਵਡੇਰੇ ਹਿੱਤਾਂ ਨੂੰ ਮੱਦੇਨਜ਼ਰ ਰੱਖਦਿਆਂ ਉਹ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣਗੇ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt