AD

Type Here to Get Search Results !

ਚੰਨੀ ਨੂੰ ਪਾਰਲੀਮੈਂਟ ਭੇਜਣ ‘ਚ ਸ਼ੇਰੋਵਾਲੀਆ ਨੇ ਨਿਭਾਈ ਅਹਿਮ ਭੂਮਿਕਾ, ਸ਼ਾਹਕੋਟ ਤੋਂ ਦਿਵਾਈ 19 ਹਜ਼ਾਰ ਦੀ ਲੀਡ

 

ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ।

ਸ਼ਾਹਕੋਟ, (ਪ੍ਰਿਤਪਾਲ ਸਿੰਘ) : ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਮੈਂਬਰ ਪਾਰਲੀਮੈਂਟ ਬਣਾਉਣ ‘ਚ ਇਕ ਵਾਰ ਫਿਰ ਸ਼ਾਹਕੋਟ ਹਲਕੇ ਨੇ ਵੱਡੀ ਭੂਮਿਕਾ ਨਿਭਾਈ ਹੈ। ਇਸ ਤੋਂ ਪਹਿਲਾਂ 2019 ‘ਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਚੌਧਰੀ ਸੰਤੋਖ ਸਿੰਘ ਨੂੰ 19 ਹਜ਼ਾਰ ਤੋਂ ਵੱਧ ਦੀ ਲੀਡ ਦਿਵਾ ਕੇ ਕਾਂਗਰਸੀ ਵਰਕਰਾਂ ਨੇ ਸੰਸਦ ਦੀਆਂ ਪੌੜੀਆਂ ਚੜ੍ਹਾਇਆ ਸੀ। ਹੁਣ ਚਰਨਜੀਤ ਸਿੰਘ ਚੰਨੀ ਨੂੰ ਸ਼ਾਹਕੋਟ ਹਲਕੇ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ 19 ਹਜ਼ਾਰ ਦੇ ਕਰੀਬ ਵੋਟਾਂ ਦੀ ਬੜ੍ਹਤ ਦਿਵਾ ਕੇ ਸੰਸਦ ‘ਚ ਭੇਜ ਦਿੱਤਾ ਹੈ।

ਪ੍ਰਾਪਤ ਅੰਕੜਿਆਂ ਅਨੁਸਾਰ ਸ਼ਾਹਕੋਟ ਦੇ 250 ਬੂਥਾਂ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ 47009 ਵੋਟਾਂ ਪ੍ਰਾਪਤ ਹੋਈਆਂ, ਜਦਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ 28116 ਵੋਟਾਂ ਮਿਲੀਆਂ ਅਤੇ ਚੰਨੀ ਨੇ 18893 ਵੋਟਾਂ ਦੀ ਲੀਡ ਨਾਲ ਟੀਨੂੰ ਨੂੰ ਹਲਕੇ ਤੋਂ ਹਰਾਇਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ 13499 ਵੋਟਾਂ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 11389 ਵੋਟਾਂ ਮਿਲੀਆਂ ਤੇ ਉਹ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਤੋਂ ਬਹੁਤ ਪਿੱਛੇ ਰਹਿ ਗਏ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਹਲਕੇ ‘ਚ ਬਹੁਤਾ ਨਾ ਵਿਚਰ ਕੇ ਵੀ 3690 ਵੋਟਾਂ ਹਾਸਲ ਕਰਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਜਦਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ ਸਿਰਫ 1954 ਵੋਟਾਂ ਨਾਲ ਸਬਰ ਕਰਨਾ ਪਿਆ।

ਇਕ ਸਾਲ ਪਹਿਲਾਂ ਹੋਈ ਜਲੰਧਰ ਲੋਕ ਸਭਾ ਦੀ ਜਿਮਨੀ ਚੋਣ ਵਿਚ ਉਸ ਵੇਲੇ ਦੇ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਸ਼ਾਹਕੋਟ ਹਲਕੇ ‘ਚੋਂ 273 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਸੀ। ‘ਆਪ’ ਉਮੀਦਵਾਰ ਨੂੰ 36010 ਵੋਟਾਂ ਹਾਸਲ ਹੋਈਆਂ ਸਨ ਜਦਕਿ ਕਾਂਗਰਸ ਉਮੀਦਵਾਰ ਨੂੰ 35737 ਵੋਟਾਂ ਪਈਆਂ ਸਨ। ਅਕਾਲੀ ਉਮੀਦਵਾਰ 19106 ਵੋਟਾਂ ਪ੍ਰਾਪਤ ਕਰਕੇ ਹਲਕੇ ‘ਚੋਂ ਤੀਜੇ ਸਥਾਨ ‘ਤੇ ਰਹੇ ਸਨ ਜਦਕਿ ਭਾਜਪਾ ਉਮੀਦਵਾਰ 7119 ਵੋਟਾਂ ਨਾਲ ਸਿਮਟ ਗਏ ਸਨ।

‘ਆਪ’ ਤੇ ਅਕਾਲੀ ਦਲ ਦਾ ਗ੍ਰਾਫ ਘਟਿਆ, ਭਾਜਪਾ ਦਾ ਵਧਿਆ

ਪੰਜਾਬ ਵਿਚ ਸਰਕਾਰ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਨੂੰ ਕੋਈ ਫਾਇਦਾ ਹੁੰਦਾ ਨਜ਼ਰ ਨਹੀਂ ਆਇਆ। ਇਕ ਸਾਲ ਪਹਿਲਾਂ ‘ਆਪ’ ਨੇ ਜਲੰਧਰ ਲੋਕ ਸਭਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ ਤੇ ਹੁਣ ਉਸੇ ਪਾਰਟੀ ਦੇ ਉਮੀਦਵਾਰ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਤੀਜੇ ਸਥਾਨ ‘ਤੇ ਰਹਿ ਕੇ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਾਹਕੋਟ ਹਲਕੇ ‘ਚ ‘ਆਪ’ ਉਮੀਦਵਾਰ ਪਵਨ ਟੀਨੂੰ ਨੂੰ 28116 ਵੋਟਾਂ ਮਿਲੀਆਂ, ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੇ ਸਵ. ਰਤਨ ਸਿੰਘ ਕਾਕੜ ਕਲਾਂ ਨੂੰ ਮਿਲੀਆਂ 30 ਹਜ਼ਾਰ ਦੇ ਕਰੀਬ ਵੋਟਾਂ ਤੋਂ ਵੀ ਘੱਟ ਹਨ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਵੀ 2022 ਤੋਂ ਬਾਅਦ ਘੱਟਦਾ ਜਾ ਰਿਹਾ ਹੈ। ਕਿਸੇ ਸਮੇਂ ਅਕਾਲੀਆਂ ਦਾ ਗੜ੍ਹ ਕਹੇ ਜਾਣ ਵਾਲੇ ਹਲਕੇ ‘ਚ ਅਕਾਲੀ ਉਮੀਦਵਾਰ ਨੂੰ ਭਾਰੀ ਨਾਮੌਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਉਹ ਜਮਾਨਤ ਤੱਕ ਨਹੀਂ ਬਚਾ ਸਕੇ। 2022 ‘ਚ ਬਚਿੱਤਰ ਸਿੰਘ ਕੋਹਾੜ ਨੂੰ 39582 ਵੋਟਾਂ ਮਿਲੀਆਂ ਸਨ, ਜੋ 2023 ਵਿਚ 19 ਹਜ਼ਾਰ ‘ਤੇ ਰਹਿ ਗਈਆਂ ਤੇ ਹੁਣ 13 ਹਜ਼ਾਰ ਵੋਟਾਂ ‘ਤੇ ਹੀ ਸਿਮਟ ਗਈਆਂ। ਅਕਾਲੀ ਉਮੀਦਵਾਰ ਦੀ ਨਾਮੌਸ਼ੀ ਭਰੀ ਹਾਰ ਨੇ ਸਥਾਨਕ ਅਕਾਲੀ ਲੀਡਰਸ਼ਿਪ ਤੇ ਹਲਕਾ ਇੰਚਾਰਜ ਦੀ ਕਾਰਗੁਜ਼ਾਰੀ ‘ਤੇ ਵੀ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਇਸ ਦਾ ਗ੍ਰਾਫ ਹਰ ਚੋਣ ਵਿਚ ਵਧਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ 1449 ਵੋਟਾਂ ਪ੍ਰਾਪਤ ਹੋਈਆਂ ਸਨ। 2023 ਦੀ ਜਿਮਨੀ ਚੋਣ ਵਿਚ ਸ਼ਾਹਕੋਟ ਹਲਕੇ ਤੋਂ ਭਾਜਪਾ ਉਮੀਦਵਾਰ ਨੇ 7119 ਵੋਟਾਂ ਹਾਸਲ ਕੀਤੀਆਂ ਤੇ ਹੁਣ 2024 ਵਿਚ 11389 ਵੋਟਾਂ ਪ੍ਰਾਪਤ ਕਰਕੇ ਆਪਣੇ ਵੋਟ ਬੈਂਕ ਨੂੰ ਵਧਾਇਆ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt