* 25 ਦਸੰਬਰ ਨੂੰ ਗੁਰਦੁਆਰਾ ਸਾਹਿਬਾਨਾਂ ‘ਚ ਹੋਣਗੇ ਅੰਮ੍ਰਿਤ ਸੰਚਾਰ
ਕੈਲੀਫੋਰਨੀਆ, (ਮਿਹਰਜੋਤ ਸਿੰਘ ਸ਼ਾਹਕੋਟ) : ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਕੈਲੀਫੋਰਨੀਆ (ਅਮਰੀਕਾ) ਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਵਿਚ ਵੱਡੇ ਪੱਧਰ ‘ਤੇ ਪ੍ਰੋਗਰਾਮ ਉਲੀਕੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਇੰਸਟੀਚਿਊਟ ਫਰੈਜ਼ਨੋ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਬੋਪਾਰਾਏ ਅਤੇ ਡਾ. ਅੰਮ੍ਰਿਤ ਸਿੰਘ ਨੇ ਦੱਸਿਆ ਕਿ 25 ਦਸੰਬਰ ਨੂੰ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਅੰਮ੍ਰਿਤ ਸੰਚਾਰ ਸਮਾਗਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸ਼ਹੀਦੀ ਹਫਤੇ ਦੌਰਾਨ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦੀ ਹੈ ਤੇ ਇਨ੍ਹਾਂ ਦਿਨਾਂ ਨੂੰ ਹਰੇਕ ਗੁਰਦੁਆਰਾ ਸਾਹਿਬਾਨ ਵਿਖੇ ਮਨਾਇਆ ਜਾਂਦਾ ਹੈ। ਗੁਰਦੁਆਰਿਆਂ ਵਿਚ ਰੋਜ਼ਾਨਾ ਸਿਮਰਨ ਦੇ ਨਾਲ-ਨਾਲ ਸੰਗਤਾਂ ਨੂੰ ਜਮੀਨ ‘ਤੇ ਸੌਣ ਤੇ ਸਾਦਾ ਭੋਜਨ ਖਾਣ ਦੀ ਤਾਕੀਦ ਕੀਤੀ ਗਈ ਹੈ। ਭਾਈ ਮਲਕੀਤ ਸਿੰਘ ਬੋਪਾਰਾਏ, ਜੋ ਕਿ ਤੁਲਨਾਤਮਕ ਧਰਮ ਅਧਿਐਨ ਦੇ ਵੀ ਮਾਹਰ ਹਨ, ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਿੱਖਾਂ ਨੇ ਕਦੇ ਵੀ ਧਾਰਮਿਕ ਰੰਗਤ ਦੇ ਕੇ ਕਿਸੇ ਹੋਰ ਧਰਮ ਦਾ ਨੁਕਸਾਨ ਨਹੀਂ ਕੀਤਾ। ਛੋਟੇ ਸਾਹਿਬਜ਼ਾਦਾ ਦੀ ਸ਼ਹੀਦੀ ਨੇ ਸਿੱਖਾਂ ਦੀਆਂ ਜੜਾਂ ਵਿਚ ਖਾਦ ਦਾ ਕੰਮ ਕੀਤਾ ਹੈ ਤੇ ਸਿੱਖਾਂ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੈਲੀਫੋਰਨੀਆ ਦੇ ਸਾਰੇ ਗੁਰਦੁਆਰਿਆਂ ਵਿਚ ਸ਼ਹੀਦੀ ਹਫਤੇ ਦੌਰਾਨ ਸਿਰਫ ਸਾਦਾ ਲੰਗਰ ਹੀ ਵਰਤਾਇਆ ਜਾਂਦਾ ਹੈ ਅਤੇ ਪਕੌੜੇ ਤੇ ਮਠਿਆਈਆਂ ਬੰਦ ਹਨ। ਉਨ੍ਹਾਂ ਵੱਧ ਤੋਂ ਵੱਧ ਸੰਗਤਾਂ ਨੂੰ 25 ਦਸੰਬਰ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ।