
ਕਥਾ ਵੀਚਾਰ ਦੌਰਾਨ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਬੋਪਾਰਾਏ।
ਕੈਲੀਫੋਰਨੀਆ, (ਪੰਜਾਬ ਸੇਵਕ ਨਿਊਜ਼): ਸ਼੍ਰੀ
ਗੁਰੂ ਨਾਨਕ ਦੇਵ ਜੀ ਦੁਆਰਾ ਰਾਮਕਲੀ ਰਾਗ ਵਿਚ ਰਚਿਤ ਬਾਣੀ ‘ਸਿਧ ਗੋਸਟਿ’ ਵਰਤਮਾਨ ਸਮੇਂ ਵਿਚ ਹੋਰ ਵੀ ਅਤਿਅੰਤ ਮਹੱਤਵਪੂਰਨ ਸਿੱਧ ਹੋ
ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਮਲਕੀਤ ਸਿੰਘ ਬੋਪਾਰਾਏ, ਜੋ ਕਿ ਸਿੱਖ ਇੰਸਟੀਚਿਊਟ ਫ੍ਰੈਸਨੋ ਵਿਚ ਲੰਮੇ ਸਮੇਂ ਤੋਂ ਹੈਡ ਗ੍ਰੰਥੀ ਦੀ ਸੇਵਾ ਨਿਭਾ
ਰਹੇ ਹਨ, ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਧੁਨਿਕ ਸਮੇਂ ਵਿਚ
ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਆਪਸ ਵਿਚ ਧਰਮ ਦੀ ਅਸਲੀਅਤ ਨੂੰ ਜਾਣੇ ਬਿਨਾਂ ਸਿਰ ਫਸਾ ਰਹੇ ਹਨ, ਭਾਵੇਂ ਫਲਸਤੀਨ ਹੋਵੇ, ਭਾਵੇਂ ਭਾਰਤੀ
ਮਹਾਂਦੀਪ, ਸਾਰੇ ਪਾਸੇ ਅੰਧਕਾਰ ਮਚਿਆ ਹੋਇਆ ਹੈ।
ਰੋਜ਼ਾਨਾ ਅਖਬਾਰਾਂ ਕਤਲੋਗਾਰਤ ਨਾਲ ਭਰੀਆਂ ਪਈਆਂ ਹਨ। ਪ੍ਰੰਤੂ ਮੇਰੂ
ਪਰਬਤ ਉੱਤੇ 500 ਸਾਲ ਪਹਿਲਾਂ ਬ੍ਰਹਿਮੰਡ ਦੇ ਸਵਾਮੀ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਧਾਂ ਨਾਲ
ਹੋਈ ਗੋਸ਼ਟੀ ਧਾਰਮਿਕ ਦਵੰਦ ਦੇ ਦੰਦ ਕੱਢ ਦਿੰਦੀ ਹੈ। ਇਹ ਬਾਣੀ ਗੁਰਮੁਖ ਦੁਆਰਾ ਨਾਮ ਦੀ ਸਿਧੀ
ਰਾਹੀਂ ਪ੍ਰਭੂ ਨਾਲ ਮਿਲਾਪ ਦਾ ਸੱਚਾ ਰਾਹ ਖੋਲਦੀ ਹੈ।
ਭਾਈ ਬੋਪਾਰਾਏ ਨੇ ਕਿਹਾ ਕਿ ਪਵਿੱਤਰ ਬਾਣੀ ਦੀ ਤੁਕ
"ਜੈਸੇ ਜਲ ਮਹਿ ਕਮਲ ਨਿਰਾਲਮੁ ਮੁਰਗਾਈ ਨੈ ਸਾਣੇ।। ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ
ਨਾਮੁ ਵਖਾਣੈ" ਸੰਸਾਰ ਦੀਆਂ ਕੰਧਾਂ ਉੱਤੇ ਲਿਖੀ ਜਾਣੀ ਚਾਹੀਦੀ ਸੀ। ਪ੍ਰੰਤੂ ਸਾਡੇ ਪ੍ਰਚਾਰਕ
ਖਾਸ ਕਰਕੇ ਸ਼੍ਰੋਮਣੀ ਕਮੇਟੀ ਇਸ ਕੰਮ ਤੋਂ ਫਾਰਗ ਹੋ ਚੁੱਕੀ ਹੈ। ਭਾਈ ਸਾਹਿਬ ਨੇ ਤਾਕੀਦ ਕੀਤੀ ਕਿ
ਬਾਣੀ ਦੀ ਕ੍ਰਾਂਤੀਕਾਰੀ ਤੁੱਕ "ਗੁਰਮੁਖ ਰੋਮਿ ਰੋਮਿ ਹਰਿ ਧਿਆਵੈ" ਸਿੱਖੀ ਦੀ ਸਿਖਰ
ਦਾ ਨਾਮ ਹੈ ਤੇ ਦੂਜੇ ਧਰਮਾਂ ਨੂੰ ਵੀ ਇਸਤੋਂ ਸੇਧ
ਲੈਣੀ ਚਾਹੀਦੀ ਹੈ। ਇਸ ਦੀ
ਪੁਸ਼ਟੀ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਸੁੰਦਰ ਸਿੰਘ ਨੇ ਕੀਤੀ ਸੀ। ਇਸ
ਦਾ ਵਰਣਨ ਦਮਦਮੀ ਟਕਸਾਲ ਵੱਲੋਂ ਛਾਪੇ ਟੀਕੇ "ਗੁਰਬਾਣੀ ਅਰਥ
ਭੰਡਾਰ" ਵਿਚ ਸਾਫ ਮਿਲਦਾ ਹੈ।
ਭਾਈ ਸਾਹਿਬ ਅਨੁਸਾਰ ਸਿੱਧਾਂ ਦੇ ਕੀਤੇ ਗਏ ਪ੍ਰਸ਼ਨ ਅੱਜ ਦੇ ਆਰਟੀਫੀਸ਼ਲ ਇੰਟੈਲੀਜ਼ੈਂਸ ਦੇ ਜਮਾਨੇ ਵਿਚ ਬਹੁਤ ਹੀ ਢੁੱਕਵੇਂ ਹਨ। 24 ਘੰਟੇ ਇੰਟਰਨੈਟ ‘ਚ ਖੁੱਭੇ ਹੋਏ ਨੈੱਟ-ਨਸ਼ੇੜੀ ਵਿਰੱਕਤ ਜੋਗੀਆਂ ਵਾਂਗ ਵਿਵਹਾਰ ਕਰ ਰਹੇ ਹਨ। ਜਪਾਨ ਵਿਚ ਇਹੋ ਜਿਹੇ ਲੋਕ ਕਿੰਨੇ ਕਿੰਨੇ ਸਾਲ ਘਰੋਂ ਨਹੀਂ ਨਿਕਲਦੇ ਅਤੇ ‘ਹਿਕਿਕੋਮੋਰੀ’ ਵੱਡੀ ਸਮੱਸਿਆ ਬਣ ਚੁੱਕੀ ਹੈ। ਵਰਤਮਾਨ ਸਮੇਂ ਦੀਆਂ ਬਥੇਰੀਆਂ ਸਮੱਸਿਆਵਾਂ ਦਾ ਹੱਲ ਇਸ ਬਾਣੀ ਵਿਚ ਹੈ, ਜਿਵੇਂ ਜੋਗੀ ਰੂਪ ਵਟਾ ਲੈਂਦੇ ਸਨ। ਇਵੇਂ ਹੀ ਕਲਯੁਗੀ ਜੀਵ ਸ਼ਨਾਖਤ- ਚੋਰੀ ਦੇ ਮਾਹਰ ਹੋ ਗਏ ਹਨ। ਪ੍ਰੰਤੂ ਇਸ ਬਾਣੀ ਦਾ ਜਾਪ ਫੇਸਬੁਕ ਤੇ ਝੂਠ ਪ੍ਰਚਾਰਨ ਵਾਲੇ ਹਉਮੈ ਗ੍ਰਸੇ ਮਨੁੱਖ ਦਾ ਪਾਰ ਉਤਾਰਾ ਕਰ ਸਕਦਾ ਹੈ। ਪਵਿੱਤਰ ਬਾਣੀ ਦੀ ਤੁਕ ‘ਕੁਬੁਧਿ ਮਿਟੈ ਗੁਰ ਸਬਦ ਬੀਚਾਰਿ’ ਸਾਰੇ ਧਰਮ ਗ੍ਰੰਥਾਂ ਨੂੰ ਸੇਧ ਦੇਣ ਵਾਲੀ ਹੈ। ਕਲਾਊਡ ਕੰਪਿਊਟਿੰਗ ਨੂੰ ਉੱਤਮ ਮੰਨਣ ਵਾਲਾ ਮਨੁੱਖ ਆਪਣੇ ਮਨ ਦੀ ਗਿਣਤੀ-ਮਿਣਤੀ ਦਾ ਹਿਸਾਬ ਸਿਰਫ ਸੰਚਾਰ-ਮੀਡੀਆ ਦਾ ਸਹੀ ਉਪਯੋਗ ਕਰਕੇ ਹੀ ਪ੍ਰਾਪਤ ਕਰ ਸਕਦਾ ਹੈ। ਭਾਈ ਸਾਹਿਬ ਦੇ ਇਨ੍ਹਾਂ ਵਿਚਾਰਾਂ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈI