ਮਹਿਤਪੁਰ: ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਤਬਾਹ ਹੋਣ ਦੇ ਮਾਮਲੇ 'ਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਨਾਇਬ ਤਹਿਸੀਲਦਾਰ ਮਹਿਤਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਤਬਾਹ ਹੋਈਆਂ ਫ਼ਸਲਾਂ ਦਾ ਫੌਰੀ ਵਿਸ਼ੇਸ਼ ਗਿਰਦਾਵਰੀਆ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ।
ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਮੰਡ ਅਤੇ ਸਕੱਤਰ ਸੁਖਵਿੰਦਰ ਸਿੰਘ ਖੇਲਾ ਨੇ ਕਿਹਾ ਕਿ ਪਿੰਡ ਮਡਿਆਲਾ, ਬਲੰਦਾ, ਰਾਮੂਵਾਲ, ਉਦੋਵਾਲ, ਬੀੜ-ਉਦੋਵਾਲ, ਝੁੱਗੀਆਂ, ਸ਼ਾਹਪੁਰ, ਆਦਰਾਮਾਨ, ਰਾਅਪੁਰ ਗੁੱਜਰਾਂ, ਸਲੇਮਾ, ਸੋਹਲ ਜਗੀਰ, ਬੱਗਾ, ਰੌਂਤਾ, ਗੇਹਲਣ, ਪਰਜੀਆਂ, ਅਕਬਰਪੁਰ, ਸ਼ਮਸ਼ਾਬਾਦ, ਕੋਟ ਬਾਦਲ ਖਾਂ ਆਦਿ ਪਿੰਡਾਂ ਵਿਚ ਝੋਨੇ ਸਮੇਤ ਵੱਖ ਵੱਖ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਬਾਰਿਸ਼ ਦੀ ਮਾਰ ਨਾਲ ਹਰੀਆਂ ਸਬਜ਼ੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨ ਦੀ ਆਰਥਿਕਤਾ ਨੂੰ ਭਾਰੀ ਸੱਟ ਲੱਗੀ ਹੈ, ਉੱਥੇ ਮੰਡੀ ਵਿਚ ਸਬਜ਼ੀ ਦੀ ਕਿੱਲਤ ਨਾਲ ਸਬਜ਼ੀ ਦੀਆਂ ਕੀਮਤਾਂ ਅਸਮਾਨੀ ਛੂਹਣ ਨਾਲ ਆਮ ਖ਼ਪਤਕਾਰ ਪ੍ਰਭਾਵਿਤ ਹੋਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫੌਰੀ ਵਿਸ਼ੇਸ਼ ਗਿਰਦਾਵਰੀਆਂ ਕਰਕੇ ਇਨ੍ਹਾਂ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਲੰਬੜਦਾਰ ਸਤੀਸ਼ ਕੁਮਾਰ ਤੇ ਗੁਰਦੀਪ ਸਿੰਘ ਨੇ ਕਿਹਾ ਕਿ ਜਿਨ੍ਹਾਂ ਛੋਟੇ ਕਿਸਾਨਾਂ ਨੇ ਭਾਰੀ ਠੇਕੇ 'ਤੇ ਜ਼ਮੀਨਾਂ ਲਈਆਂ ਹਨ, ਉਹ ਬੁਰੀ ਤਰ੍ਹਾਂ ਕਰਜ਼ਾ ਕੁੜਿੱਕੀ ਵਿੱਚ ਫਸ ਗਏ ਹਨ। ਇਸ ਮੌਕੇ ਗੁਰਮੇਲ ਸਿੰਘ, ਤਰਨਜੀਤ ਮਾਨ, ਰਤਨ ਸਿੰਘ ਰਆਪੁਰ ਗੁੱਜਰਾਂ, ਭੁਪਿੰਦਰ ਸਿੰਘ ਮਡਿਆਲਾ, ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ ਸ਼ਾਹਪੁਰ, ਸਤਨਾਮ ਸਿੰਘ, ਜਸਪਾਲ ਸਿੰਘ, ਚਰਨ ਸਿੰਘ ਝੁੱਗੀਆਂ ਆਦਿ ਹਾਜ਼ਰ ਸਨ।