AD

Type Here to Get Search Results !

ਦੇਸ਼ ਦੇ ਖਜ਼ਾਨੇ ਦੀ ਦੁਰਵਰਤੋਂ ਕਰ ਰਹੀ ਮੋਦੀ ਸਰਕਾਰ : ਕਾਮਰੇਡ ਸੇਖੋਂ

ਸੀਪੀਆਈ (ਐਮ) ਤਹਿਸੀਲ ਸ਼ਾਹਕੋਟ ਦਾ ਜਥੇਬੰਦਕ ਇਜਲਾਸ ਹੋਇਆ

ਕਾਮਰੇਡ ਵਰਿੰਦਰਪਾਲ ਕਾਲਾ ਦੂਸਰੀ ਵਾਰ ਬਣੇ ਸੀਪੀਆਈ (ਐਮ) ਦੇ ਤਹਿਸੀਲ ਸਕੱਤਰ

ਸ਼ਾਹਕੋਟ: ਸੀਪੀਆਈ (ਐਮ) ਤਹਿਸੀਲ ਸ਼ਾਹਕੋਟ ਦਾ ਜਥੇਬੰਦਕ ਇਜਲਾਸ ਕਾਮਰੇਡ ਮਲਕੀਤ ਚੰਦ ਭੋਇਪੁਰੀ, ਸੁਖਵਿੰਦਰ ਨਾਗੀ ਤੇ ਕੇਵਲ ਸਿੰਘ ਦਾਨੇਵਾਲ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿਚ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਸੀਪੀਆਈ (ਐਮ) ਦੇਸ਼ ਵਾਸੀਆਂ ਨੂੰ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ, ਫਿਰਕੂ, ਵੰਡਵਾਦੀ, ਗੈਰ ਜਮਹੂਰੀ ਨੀਤੀਆਂ ਵਿਰੁੱਧ ਜਨਤਕ ਮੁੱਦੇ ਉਠਾਕੇ ਜਨਤਕ ਸੰਘਰਸ਼ ਲਈ ਲਾਮਬੰਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਨ ਤੋਂ ਇਲਾਵਾ ਫਜ਼ੂਲ ਖਰਚਿਆਂ ਰਾਹੀਂ  ਗਰੀਬ ਲੋਕਾਂ ਤੋਂ ਟੈਕਸਾਂ ਰਾਹੀਂ ਇਕੱਠੇ ਕੀਤੇ ਖਜ਼ਾਨਿਆਂ ਵਿੱਚੋਂ ਅਰਬਾਂ ਰੁਪਏ ਖਰਚ ਕੇ ਨਵਾਂ ਪਾਰਲੀਮੈਂਟ ਹਾਊਸ, ਪ੍ਰਧਾਨ ਮੰਤਰੀ ਲਈ ਨਵਾਂ ਘਰ ਉਸਾਰਨ ਤੇ ਪ੍ਰਧਾਨ ਮੰਤਰੀ ਲਈ ਦੋ ਵਿਸ਼ੇਸ਼ ਲਗਜ਼ਰੀ ਸਹੂਲਤਾਂ ਵਾਲੇ ਹਵਾਈ ਜਹਾਜ਼ ਖਰੀਦ ਰਹੀ ਹੈ। ਭਾਰਤ ਵਰਗੇ ਗਰੀਬ ਦੇਸ਼ ਜਿਸ ਦੀ ਅੱਧੀ ਅਬਾਦੀ ਭੁੱਖਮਰੀ ਦਾ ਸ਼ਿਕਾਰ ਹੋਵੇ ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੋਵੇ, ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਸਕਦਾ। ਕਾਮਰੇਡ ਸੇਖੋਂ ਨੇ ਕਿਹਾ ਕਿ ਇਹ ਸਾਰੀ ਫਜ਼ੂਲ ਖਰਚੀ ਬੰਦ ਕਰਕੇ ਪੈਸਾ ਕੋਰੋਨਾ ਮਹਾਮਾਰੀ ਵਿਰੁੱਧ ਲੜਨ ਤੇ ਗਰੀਬ ਲੋਕਾਂ ਨੂੰ ਰਾਹਤਾਂ ਦੇਣ ਲਈ ਖਰਚਿਆ ਜਾਵੇ। ਇਸ ਮੌਕੇ ਉਨ੍ਹਾਂ ਪਾਰਟੀ ਦੇ ਜਥੇਬੰਧਕ ਅਸੂਲਾਂ ਤੇ ਪ੍ਰੋਗਰਾਮ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।

ਇਸ ਤੋਂ ਪਹਿਲਾਂ ਸੂਬਾ ਸਕੱਤਰ ਲਹਿੰਬਰ ਸਿੰਘ ਤੱਗੜ ਨੇ ਇਜਲਾਸ ਦਾ ਉਦਘਾਟਨ ਕਰਦੇ ਹੋਏ ਸਪੱਸ਼ਟ ਕੀਤਾ ਕਿ ਸੀਪੀਆਈ (ਐਮ) ਹੋਰ ਪਾਰਟੀਆਂ ਵਰਗੀ ਪਾਰਟੀ ਨਹੀਂ ਹੈ ਬਲਕਿ ਇਹ ਇਕ ਇਨਕਲਾਬੀ ਪਾਰਟੀ ਹੈ ਜਿਹੜੀ ਦੇਸ਼ ਵਿਚ ਜਮਹੂਰੀ ਇਨਕਲਾਬ ਲਈ ਜੂਝ ਰਹੀ ਹੈ। ਕਾਮਰੇਡ ਤੱਗੜ ਨੇ ਪਾਰਟੀ ਵਰਕਰਾਂ ਨੂੰ ਮਾਰਕਸਵਾਦ ਲੈਲਿਨਵਾਦ ਦਾ ਅਧਿਐਨ ਕਰਨ, ਕਮਿਊਨਿਸਟ ਲਹਿਰਾਂ ਦਾ ਇਤਿਹਾਸ ਪੜ੍ਹਨ ਅਤੇ ਪਾਰਟੀ ਪ੍ਰੋਗਰਾਮ ਨੂੰ ਡੂੰਘਾਈ ਨਾਲ ਸਮਝਣ ਦਾ ਸੱਦਾ ਦਿੱਤਾ। ਉਨ੍ਹਾਂ 9 ਅਗਸਤ ਨੂੰ ਡੀਸੀ ਦਫਤਰ ਜਲੰਧਰ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਕਾਲਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਦਾ ਹੋਕਾ ਦਿੱਤਾ।


ਤਹਿਸੀਲ ਸਕੱਤਰ ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਵੱਲੋਂ ਪਿਛਲੇ ਸਮੇਂ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਜਲਾਸ ਦੌਰਾਨ 17 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਵੀ ਸਰਬ ਸੰਮਤੀ ਨਾਲ ਕੀਤੀ ਗਈ ਜਿਸ ਵਿਚ ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਨੂੰ ਦੂਸਰੀ ਵਾਰ ਤਹਿਸੀਲ ਸਕੱਤਰ ਚੁਣ ਲਿਆ ਗਿਆ। ਇਸਦੇ ਨਾਲ ਹੀ 28 ਅਗਸਤ ਨੂੰ ਨੂਰਮਹਿਲ ਵਿਖੇ ਜਲੰਧਰ ਤੇ ਕਪੂਰਥਲੇ ਜ਼ਿਲ੍ਹੇ ਦੀ ਹੋ ਰਹੀ 23ਵੀਂ ਕਾਨਫਰੰਸ ਵਾਸਤੇ 17 ਡੈਲੀਗੇਟ ਵੀ ਚੁਣੇ ਗਏ। ਇਸ ਮੌਕੇ ਸੀਪੀਆਈ ਦੇ ਪੁਰਾਣੇ ਲੀਡਰ 85 ਸਾਲਾ ਕਾਮਰੇਡ ਮਲਕੀਤ ਚੰਦ ਭੋਇਪੁਰੀ ਨੂੰ ਸਨਮਾਨਿਤ ਕਰਕੇ ਵਿਦਾਇਗੀ ਦਿੱਤੀ ਗਈ। ਅੰਤ ‘ਚ ਸੂਬਾ ਸਕੱਤਰ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਵਰਕਰਾਂ ਦਾ ਧੰਨਵਾਦ ਕਰਦਿਆਂ ਸੀਪੀਆਈ (ਐਮ) ਨੂੰ ਹੋਰ ਮਜਬੂਤ ਕਰਨ ਤੇ ਇਤਿਹਾਸਕ ਰੋਲ ਅਦਾ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਖੀਵਾ, ਪਰਸ਼ੋਤਮ ਬਿਲਗਾ, ਪ੍ਰਕਾਸ਼ ਕਲੇਰ, ਗੁਰਚਰਨਜੀਤ ਕੌਰ ਤੱਗੜ, ਸੁਖਦੇਵ ਸਿੰਘ ਸਮੇਤ ਜਿਲ੍ਹਾ ਕਮੇਟੀ ਮੈਂਬਰ ਤੇ ਵਰਕਰ ਹਾਜ਼ਰ ਸਨ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt