ਸ਼ਾਹਕੋਟ: ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਤਹਿਸੀਲ ਕੰਪਲੈਕਸ ਵਿਖੇ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਤਹਿਸੀਲਦਾਰ ਪ੍ਰਦੀਪ ਕੁਮਾਰ ਵੱਲੋਂ ਆਪਣੇ ਦਫਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ‘ਚ ਉਨ੍ਹਾਂ ਅਧਿਕਾਰੀਆਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਮਾਗਮ ਦੀ ਰੂਪ ਰੇਖਾ ਉਲੀਕਣ ਦੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡੀਐਸਪੀ ਸ਼ਾਹਕੋਟ ਦਵਿੰਦਰ ਸਿੰਘ ਘੁੰਮਣ ਵੀ ਮੌਜੂਦ ਸਨ।
ਇਸ ਮੌਕੇ ਪੁਲਿਸ ਨੂੰ ਸੁਰੱਖਿਆ, ਸੁਚਾਰੂ ਟ੍ਰੈਫਿਕ ਵਿਵਸਥਾ, ਢੁੱਕਵੀਂ ਪਾਰਕਿੰਗ ਲਈ ਸਥਾਨ ਨਿਰਧਾਰਿਤ ਕਰਨ ਸਮੇਤ ਹੋਰ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਮੈਡੀਕਲ ਟੀਮਾਂ ਦੀ ਤਾਇਨਾਤੀ, ਪੀਐਸਪੀਸੀਐਲ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ, ਨਗਰ ਪੰਚਾਇਤ ਨੂੰ ਹੋਰ ਇੰਤਜ਼ਾਮਾਂ ਸਮੇਤ ਸਫਾਈ ਵਿਵਸਥਾ ਦੀ ਜ਼ਿੰਮੇਵਾਰੀ ਸੌਂਪਦੇ ਹੋਏ ਵੱਖ-ਵੱਖ ਵਿਭਾਗਾਂ ਨੂੰ ਡਿਊਟੀਆਂ ਦੀ ਵੰਡ ਕੀਤੀ ਗਈ ਅਤੇ ਲੋੜੀਂਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਅਧਿਕਾਰੀਆਂ ਨੂੰ ਸੌਂਪੇ ਗਏ ਕਾਰਜ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਸਬੰਧੀ ਇਕ ਸਮੀਖਿਆ ਮੀਟਿੰਗ 13 ਅਗਸਤ ਨੂੰ ਸਮਾਗਮ ਵਾਲੇ ਸਥਾਨ ‘ਤੇ ਕੀਤੀ ਜਾਵੇਗੀ, ਜਿਸ ਵਿਚ ਸਮਾਗਮ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਇਬ ਤਹਿਸੀਲਦਾਰ ਸਵਪਨਦੀਪ ਕੌਰ, ਜਗਦੀਸ਼ ਕੌਰ, ਮੀਰਾ ਬਾਈ, ਮਾਰਕੀਟ ਕਮੇਟੀ ਸ਼ਾਹਕੋਟ, ਲੋਹੀਆਂ ਦੇ ਸਕੱਤਰ ਤਜਿੰਦਰ ਕੁਮਾਰ, ਨੋਡਲ ਅਧਿਕਾਰੀ ਸੁਰਿੰਦਰ ਵਿੱਗ, ਖੇਤੀਬਾੜੀ ਅਫਸਰ ਜਸਵੀਰ ਸਿੰਘ, ਨਗਰ ਪੰਚਾਇਤ ਅਧਿਕਾਰੀ ਮਨਦੀਪ ਸਿੰਘ, ਮੈਂਬਰ ਮਾਰਕੀਟ ਕਮੇਟੀ ਕ੍ਰਿਸ਼ਨ ਕੁਮਾਰ ਗਾਬਾ, ਹਰਪ੍ਰੀਤ ਸਿੰਘ, ਦਫਤਰ ਦੇ ਅਧਿਕਾਰੀ, ਸਿਵਲ ਸਪਲਾਈਜ਼ ਦੇ ਅਧਿਕਾਰੀ, ਬਲਾਕ ਸਿੱਖਿਆ ਅਫ਼ਸਰ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।