ਅਗਲੇ ਸੰਘਰਸ਼ ਦੀਆਂ ਤਿਆਰੀਆਂ ਜ਼ੋਰਾਂ 'ਤੇ: ਜਸਵੀਰ ਸਿੰਘ ਸ਼ੀਰਾ
ਸ਼ਾਹਕੋਟ : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਸ਼ੀਰਾ, ਜ਼ਿਲ੍ਹਾ ਵਿੱਤ ਸਕੱਤਰ ਗੁਰਭੇਜ ਸਿੰਘ ਧੁੱਗੜ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਅਧੀਨ ਇਨਲਿਸਟਮੈਂਟ/ਆਉਟਸੋਰਸਿੰਗ ਪਾਲਿਸੀ ਅਧੀਨ ਸੇਵਾਵਾਂ ਨਿਭਾਅ ਰਹੇ ਕਾਮਿਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ,ਇਨਲਿਸਟਮੈਂਟ ਰੱਦ ਕਰਵਾਕੇ ਸਿੱਧਾ ਵਿਭਾਗੀ ਕੰਟਰੈਕਟ ਜਾਰੀ ਕਰਵਾਉਣ ਲਈ ਜਥੇਬੰਦੀ ਵੱਲੋਂ 12 ਜੁਲਾਈ 2021 ਤੋਂ ਜਲ ਸਪਲਾਈ ਵਿਭਾਗ ਦੇ ਹੈਂਡ ਆਫਿਸ ਪਟਿਆਲਾ ਵਿਖੇ ਲਗਾਤਾਰ ਮੋਰਚਾ ਚੱਲ ਰਿਹਾ ਹੈ। ਜਿਸ ਉਪਰੰਤ ਜਲ ਸਪਲਾਈ ਮੰਤਰੀ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਪਾਲਿਸੀ ਮੈਟਰ ਤੇ ਲਗਾਤਾਰ ਗੱਲਬਾਤ/ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਆਗੂਆਂ ਨੇ ਕਿਹਾ ਕਿ ਜੇਕਰ 8 ਸਤੰਬਰ ਨੂੰ ਜਲ ਸਪਲਾਈ ਮੰਤਰੀ ਮੈਡਮ ਰਜੀਆ ਸੁਲਤਾਨਾ ਨਾਲ ਹੋਣ ਵਾਲੀ ਮੀਟਿੰਗ ਵਿੱਚ ਮੰਗਾਂ ਦਾ ਕੋਈ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਤਿਖਾ ਰੂਪ ਦਿੱਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਜ਼ਿਲ੍ਹਾ ਲੈਵਲ ਤੇ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਤੇ ਤਹਿਸੀਲ ਲੈਵਲ ਤੇ ਵਰਕਰਾਂ ਨੂੰ ਆ ਰਹੀਆਂ ਸਮਸਿਆਵਾਂ ਬਾਰੇ ਖੁੱਲ੍ਹ ਕੇ ਚਰਚਾ ਹੋਈ। ਜਿਸ ਉਪਰੰਤ ਸਾਥੀ ਰੇਸ਼ਮ ਸਿੰਘ ਭੋਇਪੁਰ ਜਥੇਬੰਦੀ ਵਿਚ ਸ਼ਾਮਲ ਹੋਏ ਤੇ ਆਗੂਆਂ ਨੇ ਸਿਰੋਪਾਓ ਭੇਟ ਕਰਕੇ ਸਾਥੀ ਨੂੰ ਜਥੇਬੰਦੀ ਵਿੱਚ ਸ਼ਾਮਲ ਕੀਤਾ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਦੇ ਕੰਮਾਂ ਤੋਂ ਖੁਸ਼ ਹੋਕੇ ਸਾਥੀ ਜਥੇਬੰਦੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਸਾਥੀ ਰੇਸ਼ਮ ਸਿੰਘ ਭੋਇਪੁਰ ਨੂੰ ਜਥੇਬੰਦੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਤੇ ਸਾਥੀ ਦਾ ਜੋ ਵੀ ਮਸਲਾ ਹੋਵੇਗਾ ਉਸ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ। ਜੇਕਰ ਸੰਘਰਸ਼ ਦੀ ਲੋੜ ਪਈ ਤਾਂ ਜਥੇਬੰਦੀ ਹਮੇਸ਼ਾ ਤਿਆਰ ਰਹੇਗੀ।
ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਨਾਹਰ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਬਾਜਵਾ, ਮੀਤ ਪ੍ਰਧਾਨ ਸੰਦੀਪ ਸਿੰਘ ਕੰਗ, ਸੀਨੀਅਰ ਮੈਂਬਰ ਸ਼ਿੰਦਰਪਾਲ ਸੰਧੂ, ਮੀਤ ਪ੍ਰਧਾਨ ਸੁੱਚਾ ਸਿੰਘ ਨੂਰਮਹਿਲ, ਪ੍ਰਚਾਰ ਸਕੱਤਰ ਗੁਰਵਿੰਦਰ ਸਿੰਘ ਨਕੋਦਰ ਤੋਂ ਇਲਾਵਾ ਵਰਕਰ ਸਾਥੀ ਵੱਡੀ ਗਿਣਤੀ ਵਿਚ ਹਾਜਰ ਸਨ।