ਸ਼ਾਹਕੋਟ, (ਐੱਮ.ਜੇ ਸਿੰਘ) : ਦਿੱਲੀ ਦੇ ਮਲਦੀਆ ਨਗਰ (ਖਿੜਕੀ ਪਿੰਡ) ਵਿਖੇ ਤਕਰੀਬਨ 50 ਸਾਲ ਪੁਰਾਣਾ ਭਗਵਾਨ ਵਾਲਮੀਕਿ ਮੰਦਿਰ ਸਥਿਤ ਹੈ। ਇਸ ਨੂੰ ਡੀਡੀਏ (ਦਿੱਲੀ ਡਿਵਲੈਪਮੈਂਟ ਬੋਰਡ) ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਇਸ ਨੂੰ ਦਿੱਲੀ ਦੀ ‘ਆਪ’ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤੋੜਿਆ ਜਾਂ ਨੁਕਸਾਨ ਪਹੁੰਚਾਇਆ ਗਿਆ ਤਾਂ ਦੋਵੇਂ ਸਰਕਾਰਾਂ ਤੁਗਲਕਾਬਾਦ ਅੰਦੋਲਨ ਨੂੰ ਯਾਦ ਰੱਖਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਰੰਗਰੇਟਾ ਦਲ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ ਢੰਡੋਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ।
ਕੰਤਾ ਨੇ ਕਿਹਾ ਕਿ ਜੇਕਰ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਨੇ ਇਸ ਤਰ੍ਹਾਂ ਦੀ ਗਲਤੀ ਦੁਬਾਰਾ ਦੁਹਰਾਈ ਤਾਂ ਤੁਗਲਕਾਬਾਦ ਅੰਦੋਲਨ ਤੋਂ ਵੀ ਤਿੱਖਾ ਸੰਘਰਸ਼ ਅਰੰਭਿਆ ਜਾਵੇਗਾ। ਉਨ੍ਹਾਂ ਦੋਵੇਂ ਸਰਕਾਰਾਂ ਨੂੰ ਲੰਮੇਂ ਹੱਥੀ ਲੈਂਦਿਆਂ ਕਿਹਾ ਕਿ ਪੂਰੇ ਦੇਸ਼ ਵਿਚ 2014 ਤੋਂ ਬਾਅਦ ਮੂਲ ਨਿਵਾਸੀਆਂ, ਦਲਿਤਾਂ, ਆਦਿਵਾਸੀਆਂ ਅਤੇ ਗਰੀਬ ਤਬਕਿਆਂ ਨਾਲ ਸ਼ੋਸ਼ਣ ਹੋ ਰਿਹਾ ਹੈ। ਮੋਦੀ ਦੇ ਰਾਮ ਰਾਜ ਵਿਚ ਕਦੇ ਦਲਿਤਾਂ ਦੇ ਮੰਦਿਰ ਅਤੇ ਕਦੇ ਮੁਸਲਮਾਨਾਂ ਦੀਆਂ ਮਸਜਿਦਾਂ ਢਾਹੀਆਂ ਜਾ ਰਹੀਆਂ ਹਨ। ਪੂਰੇ ਦੇਸ਼ ਵਿਚ ਗਰੀਬ, ਮਜਲੂਮਾਂ ਨੂੰ ਗੋਲੀਆਂ ਦੀ ਨੋਕ ‘ਤੇ ਚੁੱਪ ਕਰਵਾਇਆ ਜਾਂਦਾ ਹੈ। ਬੱਚੀਆਂ ਦੇ ਬਲਾਤਕਾਰ ਹੋ ਰਹੇ ਹਨ ਤੇ ਰਾਮ ਰਾਜ ਵਿਚ ਗੁੰਡਾ ਅਨਸਰਾਂ ਵੱਲੋਂ ਬੇਟੀਆਂ ਦੇ ਮਾਪਿਆਂ ਦੀ ਮਰਜ਼ੀ ਤੋਂ ਬਗੈਰ ਧੱਕੇ ਨਾਲ ਸਸਕਾਰ ਕੀਤੇ ਗਏ। ਹੋਰ ਤਾਂ ਹੋਰ ਦਲਿਤਾਂ, ਮਜ਼ਦੂਰਾਂ, ਪੱਛੜੀਆਂ ਸ਼੍ਰੇਣੀਆਂ ਨੂੰ ਬੇਗਾਨੇਪਨ ਦਾ ਅਹਿਸਾਸ ਕਰਵਾਇਆ ਗਿਆ ਅਤੇ ਹਮੇਸ਼ਾ ਬੇ-ਇਨਸਾਫੀ ਕੀਤੀ ਗਈ।
ਵੀਰ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਚੁੱਪ ਨਹੀਂ ਬੈਠੇਗਾ ਤੇ ਆਪਣੇ ਦੇਸ਼ ਦੀ ਅਨੁਸੂਚਿਤ ਜਾਤੀ, ਪੱਛੜੀ ਸ਼੍ਰੇਣੀ, ਗਰੀਬ-ਗੁਰਬਿਆਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਕੰਤੀ ਪ੍ਰਧਾਨ ਦੋਆਬਾ ਜ਼ੋਨ, ਸੁਰਜੀਤ ਸਿੰਘ ਸਾਬਕਾ ਸਰਪੰਚ ਢੰਡੋਵਾਲ, ਜਗਦੀਸ਼ ਸਾਂਦਾ, ਪਵਨ ਮੀਏਂਵਾਲ, ਕਪਿਲ ਚੋਪੜਾ ਸੀਨੀਅਰ ਸਲਾਹਕਾਰ, ਗੌਰਵ ਧਾਲੀਵਾਲ ਸ਼ਾਹਕੋਟ, ਜਸਵਿੰਦਰ ਨੰਬਰਦਾਰ ਢੇਰੀਆਂ, ਮੰਗਾ ਮੱਟੂ, ਚਰਨਜੀਤ ਸਲੈਚਾਂ, ਸ਼ਿਵਾ ਕੰਨੀਆਂ, ਸੁਰਜੀਤ ਮਲਸੀਆਂ, ਨਾਹਰ ਲੋਹੀਆਂ, ਨਛੱਤਰ ਕੰਗਾਂ ਆਦਿ ਹਾਜ਼ਰ ਸਨ।