ਸ਼ਾਹਕੋਟ, (ਐੱਮ.ਜੇ ਸਿੰਘ): ਕੋਰੋਨਾ ਮਹਾਮਾਰੀ ਦਾ ਢਾਡੀ ਕਲਾ ‘ਤੇ ਵੱਡਾ ਅਸਰ ਪਿਆ ਹੈ। ਇਸ ਨਾਲ ਜੁੜੀਆਂ ਸਖਸ਼ੀਅਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਦੀ ਮਦਦ ਲਈ ਸਿੱਖਾਂ ਦੀ ਸਰਬ ਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਆਉਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਥ ਪ੍ਰਸਿੱਧ ਇੰਟਰਨੈਸ਼ਨਲ ਢਾਡੀ ਗਿਆਨੀ ਸੰਤ ਸਿੰਘ ਪਾਰਸ ਦੇ ਸਪੁੱਤਰ ਨਵਦੀਪ ਸਿੰਘ ਪਾਰਸ (ਪ੍ਰਸਿੱਧ ਸਾਰੰਗੀ ਵਾਦਕ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ ਤੇ ਮੇਲਿਆਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਅੱਜ ਦੇ ਹਾਲਾਤਾਂ ਵਿਚ ਰੌਣਕਾਂ ਹੀ ਉੱਡ ਗਈਆਂ ਹਨ। ਕੋਰੋਨਾ ਮਹਾਮਾਰੀ ਨੇ ਜਿੱਥੇ ਦੁਨੀਆਂ ਭਰ ਦੀ ਅਰਥ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉੱਥੇ ਇਸ ਦਾ ਵੱਡਾ ਅਸਰ ਢਾਡੀ ਕਲਾ ‘ਤੇ ਵੀ ਪਿਆ ਹੈ। ਪਾਰਸ ਨੇ ਕਿਹਾ ਕਿ ਮਹਾਮਾਰੀ ਕਾਰਨ ਢਾਡੀ ਕਲਾ ਨਾਲ ਜੁੜੀਆਂ ਹੋਈਆਂ ਸਖਸ਼ੀਅਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹੁਣ ਪਹਿਲਾਂ ਵਾਂਗ ਵੱਡੇ ਧਾਰਮਿਕ ਸਮਾਗਮ ਨਹੀਂ ਹੋ ਰਹੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਢਾਡੀ ਕਲਾ ਨਾਲ ਜੁੜੀਆਂ ਸਖਸ਼ੀਅਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।