ਸ਼ਾਹਕੋਟ, (ਪਪ) : ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ। ਵੱਖ-ਵੱਖ ਰਾਜਨੀਤਕ ਆਗੂ ਆਪਣੀ ਸਿਆਸੀ ਜਮੀਨ ਦੀ ਤਲਾਸ਼ ‘ਚ ਦੂਜੀਆਂ ਪਾਰਟੀਆਂ ਦਾ ਰੁਖ ਅਖਤਿਆਰ ਕਰ ਰਹੇ ਹਨ। ਆਉਂਦੇ ਕੁਝ ਦਿਨਾਂ ‘ਚ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਸਿਆਸਤ ‘ਚ ਵੀ ਵੱਡਾ ਉਲਟਫੇਰ ਹੋਣ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਹਕੋਟ ਹਲਕੇ ‘ਚ ਆਪਣਾ ਚੰਗਾ ਅਸਰ ਰਸੂਖ ਰੱਖਣ ਵਾਲੇ ਇਕ ਸੀਨੀਅਰ ਕਾਂਗਰਸੀ ਆਗੂ ਵੱਲੋਂ ਜਲਦੀ ਹੀ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ‘ਚ ਸ਼੍ਰੋਮਣੀ ਅਕਾਲੀ ਦਲ ‘ਚ ਸ਼ਮੂਲੀਅਤ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ‘ਚ ਸ਼੍ਰੋਮਣੀ ਅਕਾਲੀ ਦਲ ਦਾ ਹੀ ਲੰਬੇ ਸਮੇਂ ਤੋਂ ਦਬਦਬਾ ਰਿਹਾ ਹੈ। 1992 ‘ਚ ਜਦੋਂ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ, ਉਦੋਂ ਹੀ ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਕੰਗ ਨੇ ਕਾਂਗਰਸ ਪਾਰਟੀ ਦੀ ਤਰਫੋਂ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਦਿਮਾਗ ਕਹੇ ਜਾਣ ਵਾਲੇ ਮਰਹੂਮ ਆਗੂ ਬਲਵੰਤ ਸਿੰਘ ਸਾਬਕਾ ਖਜ਼ਾਨਾ ਮੰਤਰੀ ਹੀ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਹਨ। 1997 ਤੋਂ ਮਰਹੂਮ ਅਜੀਤ ਸਿੰਘ ਕੋਹਾੜ ਸ਼੍ਰੋਮਣੀ ਅਕਾਲੀ ਦਲ ਵੱਲੋਂ 2018 ਤੱਕ ਚੋਣ ਜਿੱਤਦੇ ਰਹੇ। ਉਨ੍ਹਾਂ ਦੀ ਮੌਤ ਤੋਂ ਬਾਅਦ ਹੋਈ ਜਿਮਨੀ ਚੋਣ ਵਿਚ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਅਕਾਲੀ ਉਮੀਦਵਾਰ ਤੇ ਅਜੀਤ ਸਿੰਘ ਕੋਹਾੜ ਦੇ ਬੇਟੇ ਨਾਇਬ ਸਿੰਘ ਕੋਹਾੜ ਨੂੰ 39 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ।
ਇਸ ਵੇਲੇ ਅਜੀਤ ਸਿੰਘ ਕੋਹਾੜ ਦੇ ਪੋਤਰੇ ਬਚਿੱਤਰ ਸਿੰਘ ਕੋਹਾੜ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਚੱਠਾ, ਕਰਨਲ ਸੀਡੀ ਸਿੰਘ ਕੰਬੋਜ ਤੇ ਡਾ. ਅਮਰਜੀਤ ਸਿੰਘ ਥਿੰਦ ਵੱਲੋਂ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਸ਼ਾਹਕੋਟ ‘ਚ ਟਿਕਟ ਦੇ ਦਾਅਵੇਦਾਰਾਂ ਦੀ ਲੜ੍ਹਾਈ ਨੂੰ ਖਤਮ ਕਰਦਿਆਂ ਸੁਖਬੀਰ ਸਿੰਘ ਬਾਦਲ ਕੁਝ ਦਿਨਾਂ ‘ਚ ਇਕ ਸੀਨੀਅਰ ਕਾਂਗਰਸੀ ਆਗੂ ਨੂੰ ਪਾਰਟੀ ‘ਚ ਸ਼ਾਮਲ ਕਰ ਰਹੇ ਹਨ ਅਤੇ 2022 ਦੀਆਂ ਚੋਣਾਂ ਲਈ ਇਸ ਆਗੂ ਨੂੰ ਸ਼ਾਹਕੋਟ ਤੋਂ ਟਿਕਟ ਦੇ ਕੇ ਬਾਕੀ ਦਾਅਵੇਦਾਰਾਂ ਨੂੰ ਅਕਾਲੀ ਉਮੀਦਵਾਰ ਦਾ ਸਾਥ ਦੇਣ ਤੇ ਹਲਕੇ ‘ਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਨ ਦਾ ਆਦੇਸ਼ ਦੇਣਗੇ।